ਇਹ ਕੌਣ ਹੈ ਜੋ ਮੈਨੂੰ ਸ਼ਬਦਾਂ 'ਚੋਂ ਟੋਹਲਦਾ ਹੈ|
ਬੀਤੇ ਦਿਨਾਂ ਦੀ ਮੁੜ-ਮੁੜ ਭੁੱਬਲ ਫਰੋਲਦਾ ਹੈ|
ਪਹਿਲਾਂ ਤਾਂ ਪੱਤਝੜਾਂ ਨੇ ਰੁੱਖਾਂ ਤੋਂ ਝਾੜ ਸੁੱਟੇ,
ਹੁਣ ਇਹ ਹਵਾ ਦਾ ਬੁੱਲਾ ਪੱਤਿਆਂ ਨੂੰ ਰੋਲਦਾ ਹੈ|
ਕੈਸੀ ਹੈ ਬੇਵਸਾਹੀ,ਪਿੰਜਰਾ ਹੈ ਬਾ-ਮੁਕੰਮਲ,
ਕੱਲ ਦਾ ਉਹ ਬੋਟ ਹਾਲੇ,ਖੰਭਾਂ ਨੂੰ ਤੋਲਦਾ ਹੈ|
ਇਸ ਧਰਤ ਦੀ ਤਬਾਹੀ ਹੋਈ ਨਹੀਂ ਦਿਨਾਂ ਵਿਚ,
ਇਨਸਾਨ ਵਿਚ ਯੁਗਾਂ ਤੋਂ ਸ਼ੈਤਾਨ ਬੋਲਦਾ ਹੈ|
ਮਹਿਸੂਸ ਕਰਨ ਵਾਲੇ ਮੌਸਮ ਨਹੀਂ ਰਹੇ ਹੁਣ,
ਹਉਕਾ ਹਵਾ 'ਚ ਐਵੇਂ ਇਤਰਾਜ਼ ਘੋਲਦਾ ਹੈ|
ਆਖੋ ਮੁਸਾਫ਼ਿਰਾਂ ਨੂੰ ਉਹ ਜਿੱਤ ਕੇ ਨਾ ਬੈਠਣ,
ਪਲ-ਪਲ ਵੀ ਜ਼ਿੰਦਗੀ ਦਾ ਸੰਗਰਾਮ ਟੋਲਹਦਾ ਹੈ|
ਇਹ ਸ਼ੋਰ ਘੋਲਦਾ ਹੈ ਕੰਨਾਂ 'ਚ ਮੰਨਿਐ ਪਰ
ਇਹ ਸ਼ਬਦ ਰੌਸ਼ਨੀ ਦੇ ਰਾਹ ਵੀ ਤਾਂ ਖੋਲਦਾ ਹੈ|
ਤੂੰ ਚਿਹਰਿਆਂ ਦੇ ਅੰਦਰ ਝਾਕੇਂ ਤਾਂ ਗੱਲ ਬਣੇਗੀ,
ਏਨਾ ਕੁ ਸੱਚ ਤਾਂ ਵਰਨਾ ਸ਼ੀਸ਼ਾ ਵੀ ਬੋਲਦਾ ਹੈ|
No comments:
Post a Comment