ਹੁਣੇ ਤਾਂ ਰੁੱਖ ਜੰਗਲ ਦੇ ਜਰਾ ਲਹਿਰਾਉਣ ਲੱਗੇ ਨੇ|
ਕੁਹਾੜੇ ਆਰੀਆਂ ਤੇ ਦਾਤ ਸ਼ਹਿਰੋਂ ਆਉਣ ਲੱਗੇ ਨੇ|
ਪਰਿੰਦੇ ਤਾਂ ਬੜੇ ਬੇਖੌਫ਼ ਬੈਠੇ ਨੇ ਨਿਸ਼ਾਨੇ ਤੋਂ,
ਸ਼ਿਕਾਰੀ ਤੀਰ ਖਿਚਦੇ ਹੀ ਮਗਰ ਘਬਰਾਉਣ ਲੱਗੇ ਨੇ|
ਮੇਰੇ ਖ਼ਾਬਾਂ 'ਚ ਤਾਂ ਫੁੱਲਾਂ ਭਰੇ ਰਸਤੇ ਦਾ ਮੰਜ਼ਰ ਸੀ,
ਸਫ਼ਰ ਸੂਲਾਂ ਦੇ ਕਿੱਥੋਂ ਰਸਤਿਆਂ ਵਿਚ ਆਉਣ ਲੱਗੇ ਨੇ|
ਕਿਨਾਰੇ ਪਹੁੰਚ ਕੇ ਨਾ ਕਿਸ਼ਤੀਆਂ ਦੀ ਪੈਰਵੀ ਕੀਤੀ,
ਮੁਸਾਫ਼ਿਰ ਮੁੜਨ ਲੱਗੇ ਹੁਣ ਕਿਉਂ ਪਛਤਾਉਣ ਲੱਗੇ ਨੇ|
ਇਹਨਾਂ ਰੁੱਖਾਂ ਨੂੰ ਕੀ ਹੋਇਐ,ਬਹਾਰਾਂ ਵਿਚ ਵੀ ਇਹ ਅਜਕੱਲ,
ਉਦਾਸੇ ਫੁੱਲ,ਪੱਤੇ ਜ਼ਰਦ ਝੋਲੀ ਪਾਉਣ ਲੱਗੇ ਨੇ|
ਅਜੇ ਤਾਂ ਆਲਹਣੇ ਵਿਚ ਬੋਟ ਪਰ ਤੋਲਣ ਵੀ ਲੱਗੇ ਨਾ,
ਸ਼ਿਕਾਰੀ ਤਿਲਮਿਲਾਕੇ ਪਿੰਜਰੇ ਬਣਵਾਉਣ ਲੱਗੇ ਨੇ|
ਜਿਹਨਾਂ ਨੇ ਆਰੀਆਂ ਤੇ ਵਰਮਿਆਂ ਦੇ ਦੁਖ ਸਹਾਰੇ ਸਨ,
ਉਹ ਟੁਕੜੇ ਬਾਂਸ ਦੇ ਹੁਣ ਵੰਝਲੀਆਂ ਅਖਵਾਉਣ ਲੱਗੇ ਨੇ|
ਉਹਨਾਂ ਦੀ ਦੋਸਤੀ ਤੌਬਾ,ਉਹਨਾਂ ਦੀ ਦੁਸ਼ਮਣੀ ਤੌਬਾ,
ਉਹ ਰਾਖੀ ਸ਼ਿਕਰਿਆਂ ਤੋਂ ਚਿੜੀਆਂ ਦੀ ਕਰਵਾਉਣ ਲੱਗੇ ਨੇ|
ਨਹੀਂ ਜਦ ਝਾੜ ਹੋਈ ਚਿਹਰਿਆਂ ਤੋਂ ਗਰਦ ਦੋਸ਼ਾਂ ਦੀ,
ਉਹ ਖਿਝਕੇ ਆਇਨੇ ਹੀ ਸ਼ਹਿਰ ਦੇ ਬਦਲਾਉਣ ਲੱਗੇ ਨੇ|
No comments:
Post a Comment