ਸ਼ਿਕਨ ਮੱਥੇ ‘ਤੇ ਰੱਤੀ ਭਰ ਵੀ ਦਿਲ ਵਿਚ ਡਰ ਨਹੀਂ ਲੱਭੇ।
ਮੇਰੇ ‘ਤੇ ਵਾਰ ਕਰਨੇ ਦੇ ਉਨੂੰ ਅਵਸਰ ਨਹੀਂ ਲੱਭੇ।
ਗੁਆਚੇ ਪੰਛੀਆਂ ਦਾ ਆਲ੍ਹਣੇ ਨੂੰ ਹੇਰਵਾ ਜਾਇਜ਼,
ਘਰਾਂ ਦੀ ਕੀ ਕਰੇ ਹੋਣੀ, ਜਿਦ੍ਹੇ ਟੱਬਰ ਨਹੀਂ ਲੱਭੇ।
ਤੁਹਾਡੀ ਪਿਆਸ ਦੀ ਸ਼ਿੱਦਤ ‘ਚ ਹੋਵੇਗੀ ਕਮੀ ਸ਼ਾਇਦ,
ਥਲਾਂ ਵਿਚ ਸੜਦਿਆਂ ਨੂੰ ਜੇ ਅਜੇ ਸਾਗਰ ਨਹੀਂ ਲੱਭੇ।
ਸਫ਼ਰ ਵਿਚ ਕਾਫ਼ਿਲੇ ਦੇ ਨਾਲ ਇਹ ਵੀ ਤਾਂ ਤੁਰੀ ਗਈਆਂ,
ਮਗਰ ਧੁੱਪਾਂ ਤੇ ਛਾਵਾਂ ਨੂੰ ਕਦੇ ਬਿਸਤਰ ਨਹੀਂ ਲੱਭੇ।
ਤੇਰੇ ਪੁੱਛੇ ਸਵਾਲਾਂ ਦਾ ਦਿਆਂ ਉੱਤਰ ਕੀ ਹੁਣ ਤਕ ਤਾਂ,
ਜੋ ਪੁੱਛੇ ਜ਼ਿੰਦਗੀ ਨੇ ਸਨ, ਉਹੀ ਉੱਤਰ ਨਹੀਂ ਲੱਭੇ।
ਉਹ ਅੰਬਰ ਹੈ, ਮੈਂ ਧਰਤੀ ਹਾਂ, ਹੈ ਸਾਡੀ ਨੇੜਤਾ ਫਿਰ ਵੀ,
ਕਿਸੇ ਨੂੰ ਵੀ ਇਹ ਦੂਰੀ ਮਿਣਨ ਦੇ ਮੀਟਰ ਨਹੀਂ ਲੱਭੇ।
ਤੇਰੀ ਤਫ਼ਤੀਸ਼ ਕੀਤੀ ਉੱਤੇ ਉੱਠਣ ਉਂਗਲਾਂ, ਤੈਨੂੰ
ਮਿਲੇ ਸ਼ੀਸ਼ੇ ਦੇ ਹੀ ਟੁਕੜੇ, ਕਿਉਂ ਪੱਥਰ ਨਹੀਂ ਲੱਭੇ।
ਤੇਰਾ ਤਾਂ ਘਰ ਸੀ ਪੱਥਰ ਦਾ, ਸਮੁੰਦਰ ਲੈ ਗਿਆ ਕਿੱਧਰ?
ਕੀ ਹੋਇਆ ਜੇ ਅਸਾਡੇ ਰੇਤਿਆਂ ਦੇ ਘਰ ਨਹੀਂ ਲੱਭੇ।
ਭਿਅੰਕਰ ਤੋਂ ਭਿਅੰਕਰ ਹਾਦਸਾ ਵੀ ਇਸ ਤੋਂ ਬੌਣਾ ਹੈ,
ਮਿਲ਼ੇ ਸਭ ਰਹਿਮ ਦੇ, ਵਿਸ਼ਵਾਸ ਦੇ ਪਾਤਰ ਨਹੀਂ ਲੱਭੇ।
No comments:
Post a Comment