ਸੋਚਾਂ ਨਾ ਤੇਜ਼ ਹੁੰਦੀਆਂ ਜਗਦੇ ਦਿਮਾਗ ਨਾ|
ਰਲਕੇ ਹਨੇਰ ਨਾਲ ਜੇ ਬੁਝਦੇ ਚਿਰਾਗ਼ ਨਾ|
ਸ਼ਾਮੀਂ ਘਰਾਂ ਮੁੜਨਗੇ ਕਿੱਦਾਂ ਇਹ ਕਾਫ਼ਿਲੇ,
ਆਲੇ 'ਚ ਰੱਖੀਂ ਸਾਂਭ ਕੇ ਭੰਨੀਂ ਚਿਰਾਗ਼ ਨਾ|
ਕੱਟੀ ਗਈ ਪੋਰ ਦਾ ਅਜੇ ਹਰ ਸ਼ਾਖ਼ ਨੂੰ ਹੈ ਗ਼ਮ,
ਜੰਗਲ ਦੇ ਰੂਬਰੂ ਕੋਈ ਛੇੜੀਂ ਤੂੰ ਰਾਗ ਨਾ|
ਕੁਝ ਲੋਕ ਤਾਂ ਇਹ ਸੋਚ ਕੇ ਕਰਦੇ ਨਹੀਂ ਸਫ਼ਰ,
ਚੱਲਾਂਗੇ ਕਿੰਝ ਜੇ ਪੈੜਾਂ ਦਾ ਮਿਲਿਆ ਸੁਰਾਗ ਨਾ|
ਪਿੰਜਰੇ 'ਚ ਕੈਦ ਸੀ ਜਦੋਂ ਚਾਹਤ ਸੀ ਉੜਣ ਦੀ,
ਹੋਏ ਆਜ਼ਾਦ ਚੂਰੀ ਦਾ ਹੋਇਆ ਤਿਆਗ ਨਾ|
ਸ਼ੀਸ਼ੇ ਤੋਂ ਜੰਮੀ ਧੂੜ ਨੂੰ ਲਾਹ ਕੇ ਤਾਂ ਵੇਖਦੇ,
ਦਿਸਦਾ ਮੇਰਾ ਵਜੂਦ ਫਿਰ ਇਉਂ ਦਾਗ-ਦਾਗ ਨਾ|
No comments:
Post a Comment