Wednesday, February 15, 2012

(ਗ਼ਜ਼ਲ-38) ਤਲਾਬਾਂ,ਟੋਬਿਆਂ ਦਾ ਜਲ ਅਗਰ ਦਰਿਆ ਨਹੀਂ ਹੋਇਆ

ਤਲਾਬਾਂ,ਟੋਬਿਆਂ ਦਾ ਜਲ ਅਗਰ ਦਰਿਆ ਨਹੀਂ ਹੋਇਆ|
ਸਮੁੰਦਰ ਵੀ ਸਮੁੰਦਰ ਹੀ ਰਿਹਾ ਸਹਿਰਾ ਨਹੀਂ ਹੋਇਆ|

ਨਿਰਾਸ਼ਾ ਦੀ ਥਕਾਵਟ ਨਾਲ ਚੱਲਣ ਰੀਂਘਦੇ ਹੋਏ,
ਜਿਹਨਾਂ ਦੀ ਆਸ ਦਾ ਇਕ ਵੀ ਸੁਮਨ ਸੂਹਾ ਨਹੀਂ ਹੋਇਆ|

ਤੁਹਾਡੇ ਇਲਮ ਦਾ ਜੇ ਕੰਮ ਹੈ ਗੁੰਗੇ ਬਣਾਉਣਾ ਹੀ,
ਰਹੀ ਇਹ ਬੇਵਸੀ ਲੋਕਾਂ ਦੀ ਵੀ ਸ਼ਿਕਵਾ ਨਹੀਂ ਹੋਇਆ|

ਉਹ ਮੇਰੀ ਸਿਹਤਯਾਬੀ 'ਤੇ ਬੜੀ ਤਿੱਖੀ ਨਜ਼ਰ ਰਖਦੈ,
ਖੁਭੋ ਕੇ ਜ਼ਖ਼ਮ ਵਿਚ ਖ਼ੰਜ਼ਰ ਕਹੇ"ਅੱਛਾ ਨਹੀਂ ਹੋਇਆ"|

ਦਿਲਾਂ ਨੂੰ ਜ਼ਖ਼ਮ ਦਿੱਤੇ ਨੇ ਜੋ ਤੇਰੀ ਖੁਦ-ਪਰਸਤੀ ਨੇ,
ਉਹਨਾਂ ਦੇ ਹਾਣ ਦੀ ਮਰਹਮ ਕੋਈ ਤੁਹਫ਼ਾ ਨਹੀਂ ਹੋਇਆ|

ਬੜੇ ਖੁਸ਼ ਨੇ ਉਹ ਲਾ ਕੇ ਬੋਹੜ-ਪਿੱਪਲ ਗ਼ਮਲਿਆਂ ਅੰਦਰ,
ਉਹਨਾਂ ਦਾ ਕੱਦ ਕੁਰਸੀ ਤੋਂ ਜਦੋਂ ਉੱਚਾ ਨਹੀਂ ਹੋਇਆ|

ਕਿਨਾਰੇ ਬਣਨ ਦਾ ਸਾਨੂੰ ਬੜਾ ਹੀ ਮਾਣ ਹੈ ਦਾਦਰ,
ਕਿ ਸਾਡੀ ਹੋਂਦ ਬਿਨ ਕੋਈ ਨਦੀ,ਦਰਿਆ ਨਹੀਂ ਹੋਇਆ|

No comments:

Post a Comment