ਲਹਿਰਾਂ ਉੱਤੇ ਹੈ ਮੁਨੱਸਰ ਕਿਸ਼ਤੀਆਂ ਦਾ ਹਾਲ-ਚਾਲ|
ਮਹਿਕਦੀ ਗੁਲਜ਼ਾਰ ਬਿਨ ਕੀ ਤਿਤਲੀਆਂ ਦਾ ਹਾਲ-ਚਾਲ|
ਚੀਖਦੇ ਹੋਏ ਵੀ ਨਾ ਹੋਈਆਂ ਕਿਸੇ ਦੇ ਦਰ ਕਬੂਲ,
ਸ਼ੋਰ ਵਿਚ ਕੁਝ ਇਸ ਤਰਾਂ ਹੈ ਸਿਸਕੀਆਂ ਦਾ ਹਾਲ-ਚਾਲ|
ਸਰਦਲਾਂ ਨੂੰ ਹੀ ਮੁਖ਼ਾਤਿਬ ਹੋ ਕੇ ਮੁੜ ਜਾਂਦੇ ਨੇ ਪੈਰ,
ਕੌਣ ਅੱਗੇ ਹੋ ਕੇ ਪੁਛਦੈ ਖਿੜਕੀਆਂ ਦਾ ਹਾਲ-ਚਾਲ|
ਆਲਹਣਾ ਸੜਿਆ ਨਹੀਂ ਕੀ ਕੋਈ ਵੀ ਤੇਰੇ ਗੁਆਂਢ,
ਜਾਂ ਅਮੂਮਨ ਪੁਛ ਰਿਹਾ ਏਂ ਬਸਤੀਆਂ ਦਾ ਹਾਲ-ਚਾਲ|
ਡੰਗ ਖਾਧੀ ਲੋਕਤਾ ਦਾ ਪੈ ਗਿਆ ਨੀਲਾ ਸਰੀਰ,
ਉਫ਼.ਸਪੇਰੇ ਫਿਰ ਵੀ ਪੁੱਛਣ ਵਰਮੀਆਂ ਦਾ ਹਾਲ-ਚਾਲ|
ਅੱਖਰਾਂ ਦੀ ਪੌੜੀ ਲਾ ਕੇ ਛੂਹ ਲਿਆ ਮੈਂ ਆਸਮਾਨ,
ਕੋਲ ਬਹਿ ਕੇ ਪੁੱਛਿਆ ਫਿਰ ਬਦਲੀਆਂ ਦਾ ਹਾਲ-ਚਾਲ|
No comments:
Post a Comment