ਹਾਦਸਾ ਕਿੰਨਾ ਵਚਿੱਤਰ ਤੇ ਭਿਅੰਕਰ ਹੋ ਗਿਆ ਹੈ|
ਰੂਪ ਘਰ ਦਾ ਬਦਲਕੇ ਮੰਡੀ ਜਾਂ ਦਫ਼ਤਰ ਹੋ ਗਿਆ ਹੈ|
ਘਰ ਤਾਂ ਖੇਤਾਂ ਨੂੰ ਨਿਗਲਕੇ ਬਣ ਗਏ ਮਹਿਲਾਂ ਦੇ ਹਾਣੀ,
ਪਰ ਨਗਰ ਦਾ ਹਰ ਬਸ਼ਿੰਦਾ ਹੀ ਮੁਸਾਫ਼ਿਰ ਹੋ ਗਿਆ ਹੈ|
ਇਸ ਤਮਾਸ਼ੇ ਵਿਚ ਤਮਾਸ਼ਾਗਰ ਤਮਾਸ਼ਾ ਬਣਨਗੇ ਹੁਣ,
ਹੁਣ ਤਮਾਸ਼ੇ ਵਿਚ ਤਮਾਸ਼ਾਈ ਵੀ ਹਾਜ਼ਰ ਹੋ ਗਿਆ ਹੈ|
ਇਕ ਨਦੀ ਆਈ ਸੀ ਆਪਣੀ ਪਿਆਸ ਲੈ ਕੇ ਕੋਲ ਉਸਦੇ,
ਉਹ ਨਦੀ ਨੂੰ ਪੀ ਗਿਆ ਤੇ ਫਿਰ ਸਮੁੰਦਰ ਹੋ ਗਿਆ ਹੈ|
ਇਸ ਨਗਰ ਦੇ ਬਹੁਤੇ ਲੋਕੀ ਇਸ ਵਜਾਹ ਕਰਕੇ ਦੁਖੀ ਨੇ,
ਕਿਉਂ ਗੁਆਂਢੀ ਉੱਠ ਕੇ ਸਾਡੇ ਬਰੋਬਰ ਹੋ ਗਿਆ ਹੈ|
ਵਿਹੜਿਆਂ ਨੇ ਵੀ ਗੁਆ ਦਿੱਤੀ ਸ਼ਨਾਖ਼ਤ ਰਿਸ਼ਤਿਆਂ ਦੀ,
ਹੁਣ ਉਹਨਾਂ ਨੂੰ ਵੀ ਬਸ ਚੇਤੇ ਕੋਡ ਨੰਬਰ ਹੋ ਗਿਆ ਹੈ|
ਆਸ਼ਕੀ ਵੀ , ਬੰਦਗੀ ਵੀ , ਰਹਿਬਰੀ ਵੀ , ਦਿਲਬਰੀ ਵੀ ,
ਦੋਸਤੀ ਵੀ , ਦੁਸ਼ਮਣੀ ਵੀ ਸਭ ਅਡੰਬਰ ਹੋ ਗਿਆ ਹੈ|
No comments:
Post a Comment