ਰਾਤ ਦਾ ਵਕਤ ਹੈ ਨਾ ਪਰਿੰਦੇ ਉਡਾ,
ਰਹਿਮ ਕਰ ਹੁਣ ਇਹ ਉਡਕੇ ਕਿਧਰ ਜਾਣਗੇ|
ਇਹ ਹਨੇਰੇ 'ਚ ਉੱਡਣਾ ਨਹੀਂ ਜਾਣਦੇ,
ਹਾਦਸੇ ਸੰਗ ਇਹਨਾਂ ਦੇ ਗੁਜ਼ਰ ਜਾਣਗੇ|
ਜੁਗਨੂੰਆਂ ਨੂੰ ਕਹੋ , ਟਿਮਟਿਮਾਉਂਦੇ ਰਹੋ,
ਰਾਤ ਬਾਕੀ ਹੈ , ਹੋਇਆ ਸਵੇਰਾ ਨਹੀਂ,
ਹਾਰ ਕੇ ਬਹਿ ਗਏ ਉਹ ਅਗਰ ਇਸ ਤਰ੍ਹਾਂ,
ਹੌਸਲੇ ਦੀਵਿਆਂ ਦੇ ਵੀ ਹਰ ਜਾਣਗੇ|
ਜ਼ਿੰਦਗੀ ਨਿਤ ਨਵੇਂ ਇਮਤਿਹਾਨਾਂ 'ਚ ਹੈ,
ਜ਼ਿੰਦਗੀ ਹਰ ਕਦਮ 'ਤੇ ਕਸੌਟੀ ਨਵੀਂ,
ਜ਼ਿੰਦਗੀ ਹਾਦਸਾ , ਹਾਦਸਾ ਜ਼ਿੰਦਗੀ,
ਹਾਦਸੇ ਹਮਸਫ਼ਰ ਦਰ - ਬ - ਦਰ ਜਾਣਗੇ|
ਹਾਦਸੇ ਹਮਸਫ਼ਰ ਦਰ - ਬ - ਦਰ ਜਾਣਗੇ|
ਵਕਤ ਹੈ ਤੂੰ ਹੁਣੇ ਹੀ ਮੁਕਾ ਲੈ ਸਫ਼ਰ,
ਖ੍ਹੋ ਨਾ ਜਾਵੇ ਕਿਤੇ ਕੱਲ ਤੀਕਰ ਡਗਰ,
ਅੱਜ ਦੀ ਰਾਤ ਹੈ ਚੰਨ ਦੀ ਚਾਨਣੀ,
ਕੱਲ੍ਹ ਨੂੰ ਫਿਰ ਹਨੇਰੇ ਪਸਰ ਜਾਣਗੇ|
ਚੂਰੀਆਂ 'ਤੇ ਗਿਝਾਏ ਸੀ ਪੰਛੀ ਤੂੰ ਜੋ,
ਸੀ ਜਿਨ੍ਹਾਂ ਦੀ ਵਸੀਅਤ 'ਚ ਪਿੰਜਰੇ ਲਿਖੇ,
ਤੜਫ਼ਦੇ ਨੇ ਉਹ ਐਨਾ ਉਡਾਨਾਂ ਨੂੰ ਹੁਣ,
ਤੋੜ ਸੁੱਟਣਗੇ ਪਿੰਜਰੇ ਜਾਂ ਮਰ ਜਾਣਗੇ|
ਤੇਜ਼ ਬਾਰਸ਼ ਜੇ ਪੈਂਦੀ ਹੈ ਪੈ ਜਾਣਦੇ,
ਗਰਦ ਅੰਬਰ 'ਚ ਵੀ ਤਾਂ ਚੜ੍ਹੀ ਹੈ ਬਹੁਤ,
ਗ਼ਮ ਨਾ ਕਰ,ਰੰਗ ਮੌਸਮ ਦਾ ਲਹਿੰਦਾ ਨਹੀਂ,
ਬਲਕਿ ਦਿਨ-ਰਾਤ ਮੁੜਕੇ ਨਿਖਰ ਜਾਣਗੇ|
ਦੀਵਿਆਂ 'ਚੋਂ ਚੁਰਾਉਂਦੇ ਰਹੇ ਤੇਲ ਤਾਂ,
ਰੌਸ਼ਨੀ ਦੀ ਤਮੰਨਾ ਕਰੋਗੇ ਕਿਵੇਂ,
ਨੇਰੀਆਂ ਨੇ ਇਨ੍ਹਾਂ ਨੂੰ ਬੁਝਾਉਣਾ ਕੀ ਇਹ,
ਆਪਣੀ ਮੌਤ ਆਪੇ ਹੀ ਮਰ ਜਾਣਗੇ|
No comments:
Post a Comment