ਦਿਸ਼ਾ- ਹੀਣੇ ਕਬੂਤਰ ਭਟਕਦੇ ਨੇ ਅੰਬਰਾਂ ਵਿਚ|
ਅਜੇਹੇ ਖ਼ਾਬ ਅਜਕਲ ਆਉਣ ਰਾਤੀਂ ਨੀਂਦਰਾਂ ਵਿਚ|
ਕਲਾਵੇ ਭਰਨ ਦਾ ਇਹ ਕੈਸਾ ਪਾਗਲਪਨ ਜਿਹਾ ਹੈ,
ਕਿਨਾਰੇ ਰਾਤ-ਦਿਨ ਹੀ ਜਾਣ ਖੁਰਦੇ ਸਾਗਰਾਂ ਵਿਚ|
ਉਹ ਚਾਹੁੰਦੇ ਨੇ ਮੈਂ ਰੱਖਾਂ ਪਿਆਰ ਛਾਵਾਂ ਨਾਲ ਹੀ ਪਰ,
ਤਕਾਜ਼ਾ ਹੈ ਸਫ਼ਰ ਦਾ ਚੱਲਾਂ ਧੁੱਪਾਂ- ਕੱਕਰਾਂ ਵਿਚ|
ਮਗਰ ਕਿਰਦਾਰ ਪੱਖੋ ਤਾਂ ਰਹੇ ਹੋ ਫਿਰ ਵੀ ਨੰਗੇ,
ਤੁਸੀਂ ਨੰਗੇਜ਼ ਭਾਵੇਂ ਢਕ ਲਿਆ ਸੀ ਬਸਤਰਾਂ ਵਿਚ|
ਮੁਸਾਫ਼ਿਰ ਹੁਣ ਨਹੀਂ ਭਟਕਣਗੇ ਇਹ ਸੰਭਾਵਨਾ ਹੈ,
ਭਰੋਸਾ ਘਟ ਗਿਆ ਹੈ ਹੁਣ ਉਨ੍ਹਾਂ ਦਾ ਰਹਿਬਰਾਂ ਵਿਚ|
No comments:
Post a Comment