ਮੈਨੂੰ ਉਹ ਪਰਿੰਦਾ ਹੋਣੇ ਦਾ ਹਰ ਪਲ ਅਹਿਸਾਸ ਕਰਾਉਂਦਾ ਹੈ|
ਚੋਗੇ ਦਾ ਛਲਾਵਾ ਦਿੰਦਾ ਹੈ,ਪਿੰਜਰੇ ਦਾ ਖੋਫ਼ ਦਿਖਾਉਂਦਾ ਹੈ|
ਪਹਿਲਾਂ ਤਾਂ ਉਹ ਮੇਰੇ ਰਸਤੇ ਵਿਚ ਕਿਰਚਾਂ ਦੀ ਧੁੱਪ ਵਿਛਾਉਂਦਾ ਹੈ|
ਨੰਗੇ ਪੈਰਾਂ ਦਾ ਸਫ਼ਰ ਕਰਾਂ ਉੱਤੋਂ ਇਹ ਹੁਕਮ ਸੁਣਾਉਂਦਾ ਹੈ|
ਦੀਵਾ,ਜੁਗਨੂੰ,ਚੰਨ ਤੇ ਤਾਰੇ,ਮੰਨਿਆ ਕਿ ਸਫ਼ਰ ਵਿਚ ਸ਼ਾਮਲ ਸਨ,
ਰਸਤੇ 'ਚ ਅਚਾਨਕ ਡੁੱਬ ਗਏ ਸੂਰਜ ਦਾ ਖਿਆਲ ਸੁਤਾਉਂਦਾ ਹੈ|
ਇਕ ਵਾਰ ਹੀ ਹੁਣ ਸੂਲੀ ਚੜਕੇ,ਮਰਨੇ ਦੀ ਖੇਚਲ ਕੌਣ ਕਰੇ,
ਹੁਣ ਤਾਂ ਇਸ ਯੁੱਗ ਦੇ ਲੋਕਾਂ ਨੂੰ ਕਿਸ਼ਤਾਂ ਵਿਚ ਮਰਨਾ ਭਾਉਂਦਾ ਹੈ|
ਉਹ ਵੀ ਤਾਂ ਕਦੇ ਦਿਨ ਸਨ ਏਥੇ ਦਰਿਆ 'ਦਰਿਆ-ਦਿਲ' ਹੁੰਦੇ ਸਨ,
ਹੁਣ ਤਾਂ ਇਕ ਬੂੰਦ ਵੀ ਦੇਣ ਸਮੇਂ ਦਰਿਆ ਨੂੰ ਪਸੀਨਾ ਆਉਂਦਾ ਹੈ|
ਉਹ ਚਾਹਤ ਦੇ ਸਿਰਨਾਵੇਂ ਤੇ ਲਿਖਦਾ ਹੈ ਮੈਨੂੰ ਚਿੱਠੀਆਂ ਵੀ,
ਉਂਝ ਪਰਲੇ ਪਾਰ ਝਨਾਂ ਕੰਢੇ ਮਿਲਣੇ ਤੋਂ ਬਹੁਤ ਘਬਰਾਉਂਦਾ ਹੈ|
No comments:
Post a Comment