ਖੇਡ ਪੱਥਰਾਂ ਦੀ ਨਾ ਖੇਡੋ ਸ਼ੀਸ਼ਿਆਂ ਦੇ ਰੂਬਰੂ|
ਦਿਲ ਹਿਲਾ ਦਿੰਦਾ ਹੈ ਹੋਣਾ ਟੁਕੜਿਆਂ ਦੇ ਰੂਬਰੂ|
ਦਸਤਕਾਂ ਦੇ ਬੋਲ ਸੁਣਕੇ ਹੋ ਗਏ ਖ਼ਾਮੋਸ਼ ਦਰ,
ਹਾਦਸੇ ਜਦ ਹੋਣ ਲੱਗੇ ਵਿਹੜਿਆਂ ਦੇ ਰੂਬਰੂ|
ਆਲ੍ਹਣੇ ਕੁਝ ਤੋੜ ਕੇ,ਕੁਝ ਸਾੜ ਕੇ ਫਿਰ ਸ਼ਹਿਰ ਵਿਚ,
ਕਰਨਗੇ ਅਫ਼ਸੋਸ ਬਾਂਦਰ ਬਿਜੜਿਆਂ ਦੇ ਰੂਬਰੂ|
ਦੋ ਘੜੀ ਬਣਨਾ ਸਮੁੰਦਰ ਪੈ ਗਿਆ ਮਹਿੰਗਾ ਬਹੁਤ,
ਉਮਰ ਭਰ ਜੀਣਾ ਪਿਆ ਫਿਰ ਕਤਰਿਆਂ ਦੇ ਰੂਬਰੂ|
ਸੌਣ 'ਤੇ ਖੇਡਣ ਦੀ ਉਮਰੇ ਘੱਲ 'ਤੇ ਬੱਚੇ ਸਕੂਲ,
ਪਾਟਦੈ ਦਿਲ,ਰੋਣ ਜਦ ਉਹ ਬਸਤਿਆਂ ਦੇ ਰੂਬਰੂ|
ਮਿਲਣ ਆਈ ਲਹਿਰ ਦਾ ਜਦ ਮੈਂ ਕਲਾਵਾ ਭਰ ਲਿਆ,
ਪਿਆਸ ਮੇਰੀ ਹੋ ਗਈ ਨੰਗੀ ਤੁਪਕਿਆਂ ਦੇ ਰੂਬਰੂ|
ਤਿਲਮਿਲਾ ਕੇ ਡੁਬ ਗਈ ਕਿਸ਼ਤੀ ਉਦੋਂ ਤੂਫ਼ਾਨ ਵਿਚ,
ਕੱਢਣੇ ਤਰਲੇ ਪਏ ਜਦ ਤਿਣਕਿਆਂ ਦੇ ਰੂਬਰੂ|
ਸ਼ਿਅਰ ਮੇਰੀ ਹੋਂਦ ਮੇਰੀ ਨੂੰ ਜਤਾਉਂਦੇ ਰਹਿਣਗੇ,
ਕਰਨਗੇ ਮੈਨੂੰ ਹਮੇਸ਼ਾਂ ਮਹਿਫ਼ਲਾਂ ਦੇ ਰੂਬਰੂ|
No comments:
Post a Comment