ਤੁਸੱਵਰ ਵਿਚ ਵੀ ਕੋਈ ਮੁਸ਼ਕਿਲਾਂ ਦਾ ਡਰ ਨਹੀਂ ਸੀ|
ਉਹ ਮੰਜ਼ਿਲ ਉਹ ਸਫ਼ਰ ਹੀ ਬਸ ਮੇਰੀ ਖਾਤਿਰ ਨਹੀਂ ਸੀ|
ਕਿਵੇਂ ਆਉਂਦਾ ਮੈਂ ਬਣਕੇ ਖ਼ਾਬ ਰਾਤੀਂ ਤੇਰੇ ਨੈਣੀਂ,
ਉਡੀਕਾਂ ਹੀ ਉਡੀਕਾਂ ਸਨ ਰਤਾ ਨੀਂਦਰ ਨਹੀਂ ਸੀ|
ਕਿਵੇਂ ਸਾਗਰ ਤੋਂ ਬਹਿਤਰ ਸੀ ਬਰੇਤੀ ਲੱਖ ਦਰਜੇ,
ਹਾਂ ਭਾਵੇਂ ਕਿਸ਼ਤੀਆਂ ਦੇ ਡੁੱਬਣੇ ਦਾ ਡਰ ਨਹੀਂ ਸੀ|
ਉਹ ਦਮ ਭਰਦੇ ਰਹੇ ਨੇ ਦੀਵਿਆਂ ਦੀ ਪੈਰਵੀ ਦਾ,
ਕਿਸੇ ਦੇ ਕੋਲ ਜਦ ਤਕ ਇਕ ਵੀ ਪੱਥਰ ਨਹੀਂ ਸੀ|
ਜਦੋਂ ਵਿਸ਼ਵਾਸ਼ ਟੁੱਟੇ ਭਰਮ ਪੈਦਾ ਹੋਣ ਲੱਗੇ,
ਮੈਂ ਤੇਰੀ ਹੋਂਦ ਤੋਂ ਪਹਿਲਾਂ ਕਦੀ ਮੁਨਕਰ ਨਹੀਂ ਸੀ|
ਅਸੀਂ ਦੀਵਾਰ ਬਣ ਜਾਣਾ ਨਹੀਂ ਮੰਨਜ਼ੂਰ ਕੀਤਾ,
ਬੇਸ਼ਕ ਹਿੱਸੇ 'ਚ ਰੌਸ਼ਨਦਾਨ, ਖਿੜਕੀ, ਦਰ ਨਹੀਂ ਸੀ|
ਮੈਂ ਮੁੜ ਆਇਆਂ ਹਾਂ ਤੇਹ ਦੇ ਤੋੜ ਕੇ ਚੱਕਰਵਿਊ ਨੂੰ,
ਨਿਰਾ ਹੀ ਰੇਤ ਛਲ ਸੀ ਉਹ ਕੋਈ ਸਾਗਰ ਨਹੀਂ ਸੀ|
No comments:
Post a Comment