ਆਪਣੀ ਮਿਹਰਬਾਨੀ ਦੀ ਛਾਂ ਰਹਿਣ ਦੇ,ਮੇਰੇ ਰਾਹਾਂ ਨੂੰ ਇਸਦੀ ਜਰੂਰਤ ਨਹੀਂ|
ਸਿਰ 'ਤੇ ਧੁੱਪਾਂ ਹੰਢਾ ਕੇ ਹੀ ਖੁਸ਼ ਹਾਂ ਬਹੁਤ,ਇਹ ਨਾ ਸਮਝੀਂ ਸਫ਼ਰ ਖ਼ੂਬਸੂਰਤ ਨਹੀਂ|
ਮੇਰੇ ਅੰਗਾਂ 'ਤੇ ਹਾਵੀ ਥਕੇਵਾਂ ਹੈ ਪਰ,ਹੋਸ਼ ਪੁਰਹੋਸ਼ ਨੇ,ਜੋਸ਼ ਪੁਰਜੋਸ਼ ਨੇ,
ਮੇਰੀ ਤਿਰਕਾਲ ਤੋਂ ਨਾ ਇਹ ਅੰਦਾਜ਼ੇ ਲਾ,ਕਲ ਉਦੈ ਹੋਣ ਦੀ ਕੋਈ ਸੂਰਤ ਨਹੀਂ|
ਦਫ਼ਤਰਾਂ ਕੀ ਘਰਾਂ ਦੀ ਵੀ ਪਹਿਚਾਣ ਹੁਣ,ਹੂਬਹੂ ਹੋ ਗਈ ਪਿੰਜਰਿਆਂ ਦੇ ਜਿਹੀ,
ਹਰ ਸਹੂਲਤ ਹੈ ਜਿੱਥੇ ਮੁਹੱਈਆ ਮਗਰ,ਬਸ ਉਡਣ ਦੀ ਹੀ ਕੋਈ ਸਹੂਲਤ ਨਹੀਂ|
ਇੱਕ ਪੱਤਾ ਵੀ ਤੇਰੀ ਰਜ਼ਾ ਤੋਂ ਬਿਨਾਂ,ਹਿਲ ਸਕਦਾ ਨਹੀਂ ਜਾਂ ਇਹ ਗੱਲ ਝੂਠ ਹੈ,
ਜਾਂ ਕਿਸੇ ਹੋਰ ਧਰਤੀ ਦਾ ਵਸਨੀਕ ਹੈ,ਆਦਮੀ ਜਿਸ ਤੇ ਤੇਰੀ ਹਕੂਮਤ ਨਹੀਂ|
ਬੁੱਧ ਬਣਨੇ ਦੀ ਲੋਚਾ ਤੂੰ ਕਰ ਮੁਲਤਵੀ,ਜੰਗਲਾਂ ਵਿਚ ਵੀ ਮਿਲਦੀ ਨਹੀਂ ਸ਼ਾਂਤੀ,
ਹਰ ਤਰਫ਼ ਜੋ ਬੇਚੈਨੀ ਦਾ ਮਾਹੌਲ ਹੈ,ਇਹ ਸਫ਼ਰ ਵਾਸਤੇ ਸ਼ੁਭ ਮਹੂਰਤ ਨਹੀਂ|
ਕਿਉਂ ਹਵਾਵਾਂ 'ਚ ਫੈਲੇ ਨੇ ਇਤਰਾਜ਼ ਤੇ,ਜ਼ਹਿਰ ਨਫ਼ਰਤ ਦੀ ਪਾਣੀ 'ਚ ਕਿੱਦਾਂ ਘੁਲੀ,
ਜਾਨ ਲੇਵਾ ਫ਼ਿਕਰ ਨੇ ਇਹ ਸਭ ਦੇ ਲਈ,ਪਰ ਹਕੂਮਤ ਲਈ ਭਾਵ-ਪੂਰਤ ਨਹੀਂ|
No comments:
Post a Comment