ਸ਼ਬਦਾਂ ਕੋਲੋਂ ਸਭ ਦੁੱਖਾਂ ਦੇ ਰਚਦੇ ਨਾ ਸੰਵਾਦ|
ਹੰਝੂਆਂ ਨੂੰ ਵੀ ਕਰਨੇ ਪੈਂਦੇ ਲੱਖਾਂ ਦੁੱਖ ਅਨੁਵਾਦ|
ਪਿੰਜਰੇ ਅੰਦਰ ਵੀ ਚੂਰੀ ਦੀ ਬਖ਼ਸ਼ਿਸ਼ ਹੈ ਆਪਾਰ,
ਉੱਡਣਯੋਗ ਪਰਿੰਦੇ ਵੀ ਨਾ ਹੋਣਾ ਚਾਹੁੰਣ ਆਜ਼ਾਦ|
ਕੰਧ 'ਚ ਮਾਰੀ ਗੇਂਦ ਵਾਂਗਰਾਂ ਛੂਹ-ਛੂਹ ਕੇ ਤਖ਼ਤਾਂ ਨੂੰ,
ਹਰ ਵਾਰੀ ਹੀ ਮੁੜ ਆਉਂਦੀ ਹੈ ਲੋਕਾਂ ਦੀ ਫ਼ਰਿਆਦ|
ਨਾ ਕਹਿਰੀ ,ਨਾ ਜ਼ਹਿਰੀ ਹੁੰਦੀ ਪੌਣ ਤਾਂ ਹੁੰਦੀ ਪੌਣ,
ਪੌਣ ਨੂੰ ਇਉਂ ਤਸ਼ਬੀਹਾਂ ਦੇ ਕੇ ਨਾ ਕਰ ਖੜੇ ਫ਼ਸਾਦ|
ਛੱਡ ਡਰਾਉਣੇ ਜੰਗਲ ਵਿੱਚੋਂ ਗੁਜ਼ਰਨ ਦੀ ਜ਼ਿਦ,ਮੁੜ ਜਾ,
ਕੋਲ ਨਹੀਂ ਜੇ ਜਗਦੇ ਦੀਵੇ ਵਰਗੀ ਇਕ ਵੀ ਯਾਦ|
ਪੂਰਾ-ਪੂਰਾ ਨਾ ਲਿਖ ਹੋਵੇ ਜੇ ਅੰਦਰਲਾ ਸੱਚ,
ਪਰਬਤ,ਸੂਰਜ,ਅੰਬਰ ਵਰਗੇ ਨਾ ਫਿਰ ਸ਼ਬਦ ਖ਼ਰਾਦ|
ਅਪਣੇ ਅਰਥਾਂ ਦੀ ਇਹ ਅਜ ਤੋਂ ਆਪੇ ਮੰਜ਼ਿਲ ਪਾਉਣ,
ਛੱਡ ਦਈਏ ਚੱਲ ਸਫ਼ਿਆਂ ਉੱਤੇ ਸ਼ਬਦਾਂ ਨੂੰ ਆਜ਼ਾਦ|
No comments:
Post a Comment