Friday, April 6, 2012

(ਗ਼ਜ਼ਲ-30) ਸੜਦੇ ਆਲਹਣਿਆਂ ਦੀ ਚਿੰਤਾ ਬੋਟਾਂ ਦਾ ਮਾਤਮ ਲਿਖਦਾ ਹਾਂ

ਸੜਦੇ ਆਲਹਣਿਆਂ ਦੀ ਚਿੰਤਾ ਬੋਟਾਂ ਦਾ ਮਾਤਮ ਲਿਖਦਾ ਹਾਂ|
ਮੈਂ ਗ਼ਜ਼ਲਾਂ ਵਿਚ ਅਜਕਲ ਅਪਣੇ ਸ਼ਹਿਰ ਦਾ ਜਦ ਮੌਸਮ ਲਿਖਦਾ ਹਾਂ|

ਅਕਸ ਮੇਰਾ ਨਿਤ ਸ਼ੀਸ਼ੇ ਮੂਹਰੇ ਟੁਕੜੇ-ਟੁਕੜੇ ਹੋ ਜਾਂਦਾ ਹੈ,
ਫਿਰ ਵੀ ਅਪਣੀ ਹੋਂਦ ਨੂੰ ਅਕਸਰ ਸਫ਼ਾ-ਸਫ਼ਾ ਸਾਲਮ ਲਿਖਦਾ ਹਾਂ|

ਮੁੱਠੀ ਭਰ ਮਿੱਟੀ ਵਿਚ ਤਾਂ ਉਸ ਬੋਹੜ ਦਾ ਹੋਣਾ ਨਾ-ਮੁਮਕਿਨ ਸੀ,
ਪਰ ਮੈਂ ਰੋਜ਼ ਮੁਖ਼ਾਤਿਬ ਹੋ ਕੇ,ਗ਼ਮਲੇ ਨੁੰ ਮੁਜਰਿਮ ਲਿਖਦਾ ਹਾਂ|

ਕਿੰਨੇ ਹੀ ਅਣਦਿਸਦੇ ਕਾਰਨ ਸਾਜ਼ਿਸ਼ ਹੇਠ ਲੁਕੇ ਮਿਲਦੇ ਨੇ,
ਜਦ ਵੀ ਲੋਕਾਂ ਦੀ ਹੋਣੀ 'ਤੇ ਮੈਂ ਕੋਈ ਕਾਲਮ ਲਿਖਦਾ ਹਾਂ|

ਅਜਕਲ ਸ਼ਹਿਰ ਦੇ ਅੰਬਰ ਉੱਤੇ ਐਨਾ ਗ਼ਰਦ-ਗੁਬਾਰ ਹੈ ਚੜਿਆ,
ਭਾਵੇਂ ਅੱਧਾ ਚੰਨ ਦਿਸੇ ਪਰ ਮੈਂ ਉਸਨੂੰ ਸਰਗਮ ਲਿਖਦਾ ਹਾਂ|

ਸ਼ੋਰ ਭਰੀ ਮਹਿਫ਼ਲ ਨੇ ਮੈਨੂੰ ਇਸ ਕਰਕੇ ਖ਼ਾਰਜ ਕਰ ਦਿੱਤਾ,
ਮੈਂ ਸਾਜ਼ਿੰਦਾ,ਕਿਉਂ ਸਾਜ਼ਾਂ ਦੇ ਲੇਖਾਂ ਵਿਚ ਸਰਗਮ ਲਿਖਦਾ ਹਾਂ|

ਤਾਂ ਕਿ ਰਾਹਗੀਰਾਂ ਨੂੰ ਬਹੁਤੀ ਪੀੜ ਨਾ ਹੋਵੇ,ਸਫ਼ਰ ਨਾ ਛੱਡਣ,
ਜ਼ਖ਼ਮੀ-ਜ਼ਖ਼ਮੀ ਪੈਰਾਂ 'ਤੇ ਵੀ ਦਰਦ ਜ਼ਰਾ ਮੱਧਮ ਲਿਖਦਾ ਹਾਂ|

ਹਾਦਸਿਆਂ ਨੂੰ ਭਾਣਾ ਮੰਨਣਾ ਤੁਸੀਂ ਵੀ ਲੋਕੋ ਮੂਲ ਨਾ ਛੱਡਿਆ,
ਦੋਸ਼ ਧਰੋ ਨਾ ਮੇਰੇ ਸਿਰ ਜੇ ਅੱਖ ਨਗਰ ਦੀ ਨਮ ਲਿਖਦਾ ਹਾਂ|

No comments:

Post a Comment