Friday, April 6, 2012

(ਗ਼ਜ਼ਲ-31) ਉਹ ਤਾਰਾਂ ਟੁੱਟੀਆਂ ਨੂੰ ਜੋੜਦੇ ਨੇ ਗੁਣਗਣਾਉਂਦੇ ਨੇ

ਉਹ ਤਾਰਾਂ ਟੁੱਟੀਆਂ ਨੂੰ ਜੋੜਦੇ ਨੇ ਗੁਣਗਣਾਉਂਦੇ ਨੇ|
ਸਜ਼ਿੰਦੇ ਸਾਜ਼ ਦੇ ਸੀਨੇ 'ਚ ਫਿਰ ਸਰਗਮ ਜਗਾਉਂਦੇ ਨੇ|

ਕੋਈ ਡਿਗਦਾ ਜੇ ਠੋਕਰ ਖਾ ਕੇ ਆਉਂਦੀ ਸ਼ਰਮ ਨੇਰੇ ਨੂੰ,
ਟਿਊਬਾਂ,ਬਲਬ ਗਲੀਆਂ ਦੇ ਮਗਰ ਸਭ ਮੁਸਕਰਾਉਂਦੇ ਨੇ|

ਜਦੋਂ ਦਾ ਬੌਣੇ ਰੁੱਖਾਂ ਨਗਰ ਵਿਚ ਦੌਰ ਆਇਆ ਹੈ,
ਸਜਾ ਕੇ ਆਲਹਣੇ ਖ਼ਾਬਾਂ 'ਚ ਪੰਛੀ ਤਿਲਮਿਲਾਉਂਦੇ ਨੇ|

ਨਾ ਜੀਅ ਲਗਦਾ ਹੈ ਘਰ ਅੰਦਰ ਨਾ ਬਾਹਰ ਹੀ ਮਿਲੇ ਰਾਹਤ,
ਕਿਸੇ ਜ਼ਖ਼ਮੀ ਪਰਿੰਦੇ ਦੀ ਤਰਾਂ ਚਾਅ ਛਟਪਟਾਉਂਦੇ ਨੇ|

ਬਹਾਨੇ ਨਾਲ ਵੀ ਮੇਰਾ ਕਿਸੇ ਤੋਂ ਹਾਲ ਨਾ ਪੁੱਛੀਂ,
ਮੈਂ ਬਿਲਕੁਲ ਠੀਕ ਹਾਂ ਲੋਕੀ ਤਾਂ ਬਸ ਗੱਲਾਂ ਬਣਾਉਂਦੇ ਨੇ|

ਨਦੀ ਦਾ ਸਾਰਾ ਪਾਣੀ ਪੀ ਲਿਆ ਹੈ ਇਸ ਬਰੇਤੀ ਨੇ,
ਪਿਆਸੇ ਖੇਤਾਂ ਸਿਰ ਤਾਂ ਬੇਵਜਾ ਹੀ ਦੋਸ਼ ਆਉਂਦੇ ਨੇ|

ਘਰਾਂ ਅੰਦਰ ਵੀ ਆਖਿਰ ਹੋ ਗਈ ਹੈ ਪਹੁੰਚ ਮੰਡੀ ਦੀ,
ਕਿ ਲੋਕੀ ਜਿਣਸ ਵਾਂਗੂੰ ਰਿਸ਼ਤਿਆਂ ਦਾ ਮੁੱਲ ਪਾਉਂਦੇ ਨੇ|

ਨਾ ਗਰਮੀ ਦਾ,ਨਾ ਸਰਦੀ ਦਾ,ਨਾ ਬਾਰਿਸ਼ ਦਾ ਅਸਰ ਹੁੰਦੈ,
ਉਹ ਅਜਕਲ ਪੱਥਰਾਂ ਦੇ ਹਾਣ ਦੀ ਸੀਰਤ ਹੰਢਾਉਂਦੇ ਨੇ|

No comments:

Post a Comment