ਹੁੰਦੇ ਨੇ ਜੇ ਹੋ ਲੈਣ ਦੇ ਮੌਸਮ ਖ਼ਰਾਬ ਹੋਰ|
ਵੇਖੀਂ ਤੂੰ ਡਾਲ਼ ਡਾਲ਼ 'ਤੇ ਖਿਲਦੇ ਗੁਲਾਬ ਹੋਰ|
ਖੜ-ਖੜ ਇਹ ਪੱਤਿਆਂ ਦੀ ਹੈ ਆਗਾਹ ਕਰ ਰਹੀ,
ਪੁੰਗਰਦੇ ਪੱਤ ਲਿਆਉਣਗੇ ਹੁਣ ਇਨਕਲਾਬ ਹੋਰ|
ਮਨ ਦੀ ਤਸੱਲੀ ਵਾਸਤੇ ਸਾਂਝੇ ਕਹੋ ਮਗਰ,
ਸਤਲੁਜ,ਬਿਆਸ ਹੋਰ ਨੇ ਰਾਵੀ,ਚਨਾਬ ਹੋਰ|
ਕਿੰਨੀ ਹੁਸੀਨ ਖ਼ਬਰ ਹੈ ਇਹ ਬਗ਼ਲਿਆਂ ਲਈ,
ਪੁੱਟਣੇ ਨੇ ਮੱਛੀਆਂ ਲਈ ਹੁਣ ਵੀ ਤਲਾਬ ਹੋਰ|
ਬੀਤੇ ਦਿਨਾਂ ਦੀ ਯਾਦ ਵਿਚ ਡਾਢਾ ਸਤਾਉਣਗੇ,
ਭੇਜੀਂ ਨਾ ਤੂੰ ਕਿਤਾਬ ਵਿਚ ਰੱਖ ਕੇ ਗੁਲਾਬ ਹੋਰ|
ਤੂੰ ਥੋਹਰ ਤੇ ਗੁਲਾਬ ਦੀ ਜੋ ਪੇਂਦ ਲਾ ਰਿਹੈਂ,
ਕੰਢੇ ਤੇਰੇ ਚੁਭਾਉਣਗੇ ਵੇਖੀਂ ਗੁਲਾਬ ਹੋਰ|
ਮਜ਼ਬੂਤ ਪਕੜ ਵੇਖਕੇ ਅੱਗੇ ਕਦਮ ਵਧਾ,
ਇਕ ਖ਼ਾਬ ਟੁਟਦੇ ਸਾਰ ਹੀ ਟੁਟਦੇ ਨੇ ਖ਼ਾਬ ਹੋਰ|
No comments:
Post a Comment