ਸਮੁੰਦਰ ਦਾ,ਗਗਨ,ਸਹਿਰਾ ਜਾਂ ਫਿਰ ਜੰਗਲ ਦਾ ਰਸਤਾ ਹੈ|
ਜੇ ਚੱਲਣ ਦਾ ਹੁਨਰ ਹੋਵੇ ਤਾਂ ਕਿਹੜਾ ਰੋਕ ਸਕਦਾ ਹੈ|
ਕਿਸੇ ਨੁਕਸਾਨ ਦੀ ਕਿਤਿਉਂ ਖ਼ਬਰ ਕੋਈ ਨਹੀਂ ਆਈ,
ਕਿਸੇ ਨੇ ਹਾਦਸਾ ਕਿੰਨੇ ਸਲੀਕੇ ਨਾਲ ਕੀਤਾ ਹੈ|
ਮੈਂ ਮਿੱਟੀ ਦਾ ਸਹੀ ਲੇਕਿਨ ਮਿਟੀ ਹਸਤੀ ਨਹੀਂ ਮੇਰੀ,
ਤੂੰ ਰੱਖ ਸੰਭਾਲ ਕੇ ਮੈਨੂੰ,ਮੈਂ ਹਾਲੇ ਹੋਰ ਜਗਣਾ ਹੈ|
ਬਣਾ ਕੇ ਆਲ੍ਹਣੇ ਆਖਿਰ ਪਰਿੰਦੇ ਰਹਿਣ ਕਿਸ ਰੁੱਖ 'ਤੇ,
ਮੁਸੱਲਸਲ ਜੰਗਲਾਂ ਨੂੰ ਹੀ ਸ਼ਹਿਰ ਦੀ ਅੱਗ ਤੋਂ ਖ਼ਤਰਾ ਹੈ|
ਤੂੰ ਅਪਣੀ ਪਿਆਸ ਦਾ ਹਾਲੇ ਤੁਸੱਵਰ ਮੁਲਤਵੀ ਰੱਖੀਂ,
ਅਜੇ ਪਾਣੀ ਦੀ ਥਾਂ ਰੇਤਾ ਹੀ ਦਰਿਆਵਾਂ 'ਚ ਵਗਦਾ ਹੈ|
No comments:
Post a Comment