Thursday, February 2, 2012

(ਗ਼ਜ਼ਲ-46) ਕਿਤੇ ਟੁਟ ਹੀ ਨਾ ਜਾਵਾਂ ਧਰਤ ਤੋਂ ਇਹ ਡਰ ਸਤਾਉਂਦਾ ਹੈ

ਕਿਤੇ ਟੁਟ ਹੀ ਨਾ ਜਾਵਾਂ ਧਰਤ ਤੋਂ ਇਹ ਡਰ ਸਤਾਉਂਦਾ ਹੈ|
ਵਸੀਹ ਅੰਬਰ ਮੇਰੀ ਪਰਵਾਜ਼ ਦੀ ਹਿੰਮਤ ਵਧਾਉਂਦਾ ਹੈ|

ਉਹਨੂੰ ਸ਼ੀਸ਼ੇ ਦੇ ਟੁੱਟਣ ਦਾ ਬੜਾ ਮੰਜ਼ਰ ਲੁਭਾਉਂਦਾ ਹੈ|
ਜਦੋਂ ਵੀ ਦਿਲ ਕਰੇ ਉਹ ਭੀੜ ਹੱਥ ਪੱਥਰ ਫੜਾਉਂਦਾ ਹੈ|

ਬੁਝਾ ਕੇ ਦੀਵਿਆਂ ਤਾਈਂ ਤੁਸੀਂ ਹੁੱਬਣ ਦੀ ਨਾ ਸੋਚੋ,
ਸਮਾਂ ਨ੍ਹੇਰੇ ਦੀ ਹਿਕ 'ਤੇ ਨਿਤ ਨਵੇਂ ਸੂਰਜ ਉਗਾਉਂਦਾ ਹੈ|

ਮੁਹਾਰਿਤ ਖ਼ੂਬ ਹਾਸਿਲ ਹੈ ਜੇ ਕੋਈ ਦੋਸ਼ ਕੱਢੇ ਤਾਂ,
ਉਹ ਝਟ ਚਿਹਰਾ ਬਦਲਕੇ ਸ਼ੀਸ਼ਿਆਂ 'ਤੇ ਦੋਸ਼ ਲਾਉਂਦਾ ਹੈ|

ਤੁਸੀਂ ਕੰਡਾ ਚੁਭੋਇਆ ਹੈ ਜੋ ਸਾਡੇ ਜ਼ਹਿਨ ਦੇ ਪਿੰਡੇ,
ਤੁਹਾਨੂੰ ਤਾਂ ਨਹੀਂ ਸਾਨੂੰ ਨਜ਼ਰ ਹਥਿਆਰ ਆਉਂਦਾ ਹੈ|

ਉਹ ਭਰਕੇ ਦੀਵਿਆਂ ਵਿਚ ਤੇਲ ਨ੍ਹੇਰੇ ਸੰਗ ਜਿਦੇ ਕਿੱਦਾਂ,
ਹੈ ਭਾਵੇਂ ਸਿਦਕ ਦਾ ਪੱਕਾ ਦਿਨੇ ਦੀਵੇ ਜਗਾਉਂਦਾ ਹੈ|

ਅਗਰ ਬੇਗ਼ਮਪੁਰੇ ਦਾ ਖ਼ਾਬ ਹੈ,ਤਾਂ ਸਿਰਜ ਨਾ ਬੈਠੀਂ
ਤੂੰ ਇਕ ਵੀ ਪਾਤਰ ਨੀਰੋ ਵਾਂਗ ਜੋ ਬੰਸੀ ਵਜਾਉਂਦਾ ਹੈ|

ਮੇਰੇ ਅੰਦਰ ਨਿਰੰਤਰ ਦੋ ਜਣੇ ਵਿਪਰੀਤ ਚਲਦੇ ਨੇ,
ਜੇ ਅੱਖ ਹੰਝੂ ਵਹਾਉਂਦੀ ਹੈ ਤਾਂ ਦਿਲ ਸੁਪਨੇ ਸਜਾਉਂਦਾ ਹੈ|

ਕਿਸੇ ਦਾ ਅਕਸ ਵੀ ਇਸ ਵਿਚ ਨਹੀਂ ਹੁਣ ਉਭਰਨਾ ਯਾਰੋ,
ਸਮੇਂ ਦੇ ਸ਼ੀਸ਼ਿਆਂ ਨੂੰ ਖੌ਼ਫ਼ ਟੁੱਟਣ ਦਾ ਸਤਾਉਂਦਾ ਹੈ|

ਅਦਿਸਦਾ ਕਰਜ਼ ਹੈ ਇਸ ਸ਼ਹਿਰ ਦੇ ਹਰ ਬਸ਼ਰ ਦੇ ਸਿਰ 'ਤੇ,
ਕਟਾ ਕੇ ਸਿਰ ਮੁੜਨ ਦੀ ਥਾਂ ਜੋ ਨਿਤ ਸਿਰ ਵੇਚ ਆਉਂਦਾ ਹੈ|


No comments:

Post a Comment