ਦੂਰ ਹੈ ਮੰਜ਼ਿਲ ਪੜਾਅ ਦਿਸਦਾ ਨਹੀਂ ਨਾ ਹੈ ਥਕਾਨ|
ਕਾਫ਼ਲੇ ਦਾ ਸੁਸਤ ਹੋ ਕੇ ਬੈਠਣਾ ਕਰਦੈ ਹੈਰਾਨ|
ਉਹ ਮੇਰੀ ਮੰਜ਼ਿਲ ਦਾ ਰਸਤਾ ਹੀ ਚੁਰਾ ਕੇ ਲੈ ਗਏ,
ਜਦ ਮੇਰੇ ਕਦਮਾਂ ਲਿਖਣੀ ਸੀ ਸਫ਼ਰ ਦੀ ਦਾਸਤਾਨ|
ਦੇਰ ਤਕ ਮੈਨੂੰ ਭੁਲੇਖਾ ਪਾਣੀ ਦਾ ਪਾਉਂਦੀ ਰਹੀ,
ਹੋ ਗਿਆ ਜਿੱਦਣ ਬਰੇਤੀ ਨੂੰ ਮੇਰੀ ਤੇਹ ਦਾ ਗਿਆਨ|
ਕੁਝ ਨਾ ਕੁਝ ਤਾਂ ਰਸਤੇ ਦਾ ਵੀ ਮਾਣ ਸਿੱਖੋ ਰੱਖਣਾ,
ਇਸ ਕਦਰ ਚੰਗਾ ਨਹੀਂ ਪੈਰਾਂ 'ਤੇ ਹੀ ਕਰਨਾ ਗੁਮਾਨ|
ਐ ਮੁਸੱਵਰ ਚਿਤਰ ਦੇ ਤਸਵੀਰ ਤੂੰ ਆਕਾਸ਼ ਦੀ,
ਜਾਗ ਉੱਠੇਗੀ ਪਰਿੰਦੇ ਦੇ ਪਰੀਂ ਸੁੱਤੀ ਉਡਾਨ|
ਦੇਖਦੇ ਨੇ ਸ਼ਹਿਰ ਦੀ ਹਰ ਚਾਲ ਨੂੰ ਨਜ਼ਦੀਕ ਤੋਂ,
ਸਾਰਿਆਂ ਨੂੰ ਸੁਣਨਗੇ ਹੁਣ ਗੁੰਗੇ ਬੁੱਤਾਂ ਦੇ ਬਿਆਨ|
ਇਕ ਸਮੁੰਦਰ ਹੀ ਨਜ਼ਰ ਉਸਦੀ 'ਚ ਬਸ ਪਿਆਸਾ ਰਿਹਾ,
ਕਿਉਂ ਨਹੀਂ ਆਉਂਦਾ ਨਦੀ ਦਿੱਲੀ ਦੀ ਨੂੰ ਥਲ ਦਾ ਧਿਆਨ|
ਦੇਰ ਮਗਰੋਂ ਜਦ ਮੁਸਾਫ਼ਿਰ ਪਰਤ ਕੇ ਆਏ ਘਰੀਂ,
ਵੇਖਦੇ ਰਸਤਾ ਉਹਨਾਂ ਦਾ ਬਣ ਗਏ ਸਨ ਘਰ ਮਕਾਨ|
No comments:
Post a Comment