Thursday, February 9, 2012

(ਗ਼ਜ਼ਲ-44) ਕਿਸ ਤਰਾਂ ਪੂਰੀ ਕਰਾਂ ਇਕ ਬੰਸਰੀ ਦੀ ਆਰਜ਼ੂ

ਕਿਸ ਤਰਾਂ ਪੂਰੀ ਕਰਾਂ ਇਕ ਬੰਸਰੀ ਦੀ ਆਰਜ਼ੂ|
ਸੁੱਕਿਆਂ ਹੋਠਾਂ ਨੂੰ ਹੈ ਜਦ ਤਕ ਨਦੀ ਦੀ ਆਰਜ਼ੂ|

ਸੁਪਨਿਆਂ ਦਾ ਸਿਲਸਿਲਾ ਤਾਂ ਰਾਤ-ਦਿਨ ਚਲਦਾ ਰਹੇ,
ਖ਼ਤਮ ਨਾ ਹੁੰਦੀ ਕਦੀ ਵੀ ਆਦਮੀ ਦੀ ਆਰਜ਼ੂ|

ਕੁਝ ਦਿਨਾਂ ਤੋਂ ਜਾਪਦੈ ਨੇਰੇ ਦੇ ਸਾਹ ਨੇ ਆਖਰੀ,
ਲੋਕ ਫਿਰ ਤੋਂ ਕਰਨ ਲੱਗੇ ਰੌਸ਼ਨੀ ਦੀ ਆਰਜ਼ੂ|

ਖਾ ਨਾ ਜਾਵੇ ਗ਼ਮ ਇਹਨਾਂ ਨੂੰ ਆਲ੍ਹਣੇ ਸੜ ਜਾਣ ਦਾ,
ਕੁਝ ਕਰੋ,ਨਾ ਕਰਨ ਪੰਛੀ ਖ਼ੁਦਕੁਸ਼ੀ ਦੀ ਆਰਜ਼ੂ|

ਰਸਤਿਆਂ ਦੀ ਧੂੜ ਨੇ ਜਦ ਦਿੱਤੀਆਂ ਪੈੜਾਂ ਮਿਟਾ,
ਕਾਫ਼ਿਲੇ ਫਿਰ ਕਰਨ ਲੱਗੇ ਰਹਿਬਰੀ ਦੀ ਆਰਜ਼ੂ|

ਖਿੜਕੀਆਂ-ਦਰਵਾਜ਼ਿਆਂ ਨੂੰ ਪਰਦਿਆਂ ਨੇ ਢਕ ਲਿਐ,
ਆਉਣ ਨੂੰ ਕਮਰੇ 'ਚ ਤਰਸੇ ਚਾਨਣੀ ਦੀ ਆਰਜ਼ੂ|

ਜ਼ਿੰਦਗੀ ਭਰ ਨੇਰਿਆਂ ਸੰਗ ਦੋਸਤੋ ਲੜਦੇ ਰਿਹੋ,
ਪੂਰੀ ਹੋਵੇ ਬੱਚਿਆਂ ਦੀ ਰੌਸ਼ਨੀ ਦੀ ਆਰਜ਼ੂ|

No comments:

Post a Comment