ਪਿਆਸ ਦੀ ਸੀਮਾ ਵਧਾ ਆਏ ਜੋ ਸਾਗਰ ਵੇਖਕੇ|
ਹਉਂਕੇ ਭਰਿਆ ਕਰਨਗੇ ਸੁੱਕੇ ਸਰੋਵਰ ਵੇਖਕੇ|
ਬੁੱਲਾਂ ਨੂੰ ਤਾਂ ਲਾ ਲਈ ਸੀ ਬੰਸਰੀ ਮੈਂ ਵੀ ਮਗ਼ਰ,
ਸੁਰ ਨਹੀਂ ਨਿਕਲੇ ਸੜੇ ਜੰਗਲ ਦਾ ਮੰਜ਼ਰ ਵੇਖਕੇ|
ਪਿੰਜਰੇ ਦੀ ਸੋਚ ਹੁਣ ਵੀ ਤਿਲਮਿਲਾਉਂਦੀ ਹੈ ਬਹੁਤ,
ਦੂਰ ਅੰਬਰ ਵਿਚ ਕੋਈ ਉਡਦਾ ਕਬੂਤਰ ਵੇਖਕੇ|
ਕੀ ਪਤੈ,ਕਿਸ ਹਾਦਸੇ ਤੋਂ ਆ ਗਿਆ ਘਰ ਦਾ ਖਿਆਲ,
ਮੁੜ ਪਿਆ ਘਰ ਨੂੰ ਮੁਸਾਫ਼ਿਰ ਰੇਤ ਦੇ ਘਰ ਵੇਖਕੇ|
ਉਹ ਭਰੇ ਦਿਲ ਨਾਲ ਮੂੰਹੋਂ ਕਹਿ ਸਕੇ ਬਸ "ਅਲਵਿਦਾ",
ਖ਼ਾਬ ਤਾਂ ਸੀ ਹਾਣਗੇ ਹਾਲਾਤ ਬਿਹਤਰ ਵੇਖਕੇ|
ਮੇਰੇ ਫ਼ਰਜਾਂ ਦਾ ਸਫ਼ਰ ਤਾਂ ਮੁੱਕਿਆ ਹਾਲੇ ਨਹੀਂ,
ਰੁਕ ਕਿਵੇਂ ਜਾਵਾਂ ਤੇਰੇ ਪੈਰਾਂ ਦੀ ਝਾਂਜਰ ਵੇਖਕੇ|
ਗ਼ਮਲਿਆਂ ਨੂੰ ਕੈਕਟਸਾਂ ਦੀ ਸੌਂਪ ਨਾ ਪृਧਾਨਗੀ,
ਤੜਫ਼ ਉੱਠੇਂਗਾ ਤੂੰ ਮੋਈਆਂ ਤਿਤਲੀਆਂ ਘਰ ਵੇਖਕੇ|
ਧਾਗਿਆਂ ਦੀ ਇਹ ਕਿਸੇ ਸਾਜ਼ਿਸ਼ ਤਹਿਤ ਸੁੰਗੜ ਗਈ,
ਪੈਰ ਤਾਂ ਅਪਣੇ ਪਸਾਰੇ ਸਨ ਮੈਂ ਚਾਦਰ ਵੇਖਕੇ|
No comments:
Post a Comment