ਅਗਰ ਬਿਸਤਰ 'ਚ ਬੈਠੇ ਹੋ ਸਫ਼ਰ ਹੈ ਨਕਸ਼ਿਆਂ ਅੰਦਰ|
ਤੁਸੀਂ ਮੰਜ਼ਿਲ 'ਤੇ ਵੀ ਪਹੁੰਚੋਗੇ ਫਿਰ ਤਾਂ ਸੁਪਨਿਆਂ ਅੰਦਰ|
ਕਿਸੇ ਨਾ ਪਿਆਸ ਨਾ ਲੱਗੇ ਨਾ ਸੁੱਕੇ ਹੋਂਠ ਹੀ ਫੜਕਣ,
ਤੁਸੀਂ ਕੈਕਟਸ ਹੀ ਕੈਕਟਸ ਲਾ ਦਿੱਤੇ ਨੇ ਗ਼ਮਲਿਆਂ ਅੰਦਰ|
ਹੈ ਸਾਡਾ ਸ਼ਹਿਰ ਪੈਰਿਸ ਕਾਗਜ਼ਾਂ ਵਿਚ ਪਰ ਹਕੀਕਤ ਵਿਚ,
ਨਾ ਸੜਕਾਂ ਹਨ,ਨਾ ਬਿਜਲੀ ਹੈ,ਨਾ ਪਾਣੀ ਨਲਕਿਆਂ ਅੰਦਰ|
ਸਕੂਲੇ ਪੜਨ ਭੇਜੇ ਸੀ ਕਿਤਾਬਾਂ-ਕਾਪੀਆਂ ਦੇ ਕੇ,
ਨਸ਼ੇ-ਹਥਿਆਰ ਕਿੱਥੋਂ ਆ ਗਏ ਹਨ ਬਸਤਿਆਂ ਅੰਦਰ|
ਹਵਾ ਏਂ,ਵੇਖ ਇਸਦੇ ਪਰਖਚੇ ਉੱਡਦੇ ਤੂੰ ਅੰਬਰ ਵਿਚ,
ਅਸੀਂ ਤਾਂ ਆਲਹਣੇ ਹੀ ਵੇਖਣੇ ਹਨ ਤਿਣਕਿਆਂ ਅੰਦਰ|
ਬਿਜਾਏ ਤੇਜ਼ ਬਾਰਿਸ਼ ਦੇ ਕਦੀ ਫਿਰ ਕਿਣ-ਮਣੀ ਹੋਵੇ,
ਬੜਾ ਤਿਲਕਣ ਨੂੰ ਦਿਲ ਕਰਦਾ ਹੈ ਕੱਚੇ ਵਿਹੜਿਆਂ ਅੰਦਰ|
ਨਹੀਂ ਇਕ ਪਲ ਵੀ ਕਿਧਰੇ ਰੌਸ਼ਨੀ ਦਾ ਕਾਫ਼ਲਾ ਰੁਕਿਆ,
ਹਜ਼ਾਰਾਂ ਦੀਪ ਭਾਵੇਂ ਬੁਝ ਗਏ ਨੇ ਰਸਤਿਆਂ ਅੰਦਰ|
ਹਜਾਰਾਂ ਵਾਰ ਮਿਲਕੇ ਵੀ ਕਿਸੇ ਨੂੰ ਸਮਝਣਾ ਔਖਾ,
ਕਈ ਚਿਹਰੇ ਛੁਪੇ ਹੁੰਦੇ ਨੇ ਅਕਸਰ ਚਿਹਰਿਆਂ ਅੰਦਰ|
ਇਹ ਜਿੱਦਣ ਹੋ ਗਏ ਕੱਠੇ ਸੁਨਾਮੀ ਕਹਿਰ ਵਰਤੇਗਾ,
ਸਮੁੰਦਰ ਦੀ ਬੇਚੈਨੀ ਝਲਕਦੀ ਹੈ ਤੁਪਕਿਆਂ ਅੰਦਰ|
ਕਦੇ ਇਕ ਝੂਠ ਬੋਲੇ ਦਾ ਹੀ ਹੁਣ ਤਕ ਰੰਜ਼ ਆਉਂਦਾ ਹੈ|
ਕਿ ਲੱਖਾਂ ਸੱਚ ਮੇਰੇ ਰੁਲ ਰਹੇ ਨੇ ਰਿਸ਼ਤਿਆਂ ਅੰਦਰ|
No comments:
Post a Comment