ਪੰਜਾਬੀ ਵਿਚ ਗ਼ਜ਼ਲ ਬੜੀ ਲੋਕਪ੍ਰਿਯ ਵਿਧਾ ਹੈ।ਪੰਜਾਬੀ ਪਾਠਕਾਂ ਵਲੋਂ ਇਸ ਨੂੰ ਬੜੀ ਭਰਵੀਂ ਪ੍ਰਵਾਨਗੀ ਮਿਲ ਰਹੀ ਹੈ। ਇਸ ਪ੍ਰਵਾਨਗੀ ਦੇ ਲਲਚਾਏ ਬਹੁਤ ਸਾਰੇ ਅਜਿਹੇ ਸ਼ਾਇਰ ਵੀ ਇਸ ਵਿਧਾ ’ਤੇ ਹੱਥ ਅਜ਼ਮਾਈ ਕਰ ਰਹੇ ਹਨ, ਜਿਹਨਾਂ ਨੂੰ ਗ਼ਜ਼ਲ ਦੇ ਬੁਨਿਆਦੀ ਢਾਂਚੇ ਬਾਰੇ ਮੁਢਲਾ ਗਿਆਨ ਵੀ ਨਹੀਂ। ਅਜਿਹਾ ਕਰਕੇ ਜਿੱਥੇ ਉਹ ਸਾਹਿਤਕ ਪ੍ਰਦੂਸ਼ਣ ਫੈਲਾ ਰਹੇ ਹਨ, ਉੱਥੇ ਗ਼ਜ਼ਲ ਵਿਧਾ ਨੂੰ ਵੀ ਕਿੰਤੂ-ਪ੍ਰੰਤੂ ਦਾ ਕੇਂਦਰ ਬਣਾ ਧਰਦੇ ਹਨ।ਪਰ ਗ਼ਜ਼ਲਗੋਆਂ ਦੀ ਭੀੜ ’ਚੋਂ ਕੁਝ ਨਾਂ ਅਜਿਹੇ ਵੀ ਹਨ ਜੋ ਬੜੀ ਸ਼ਿੱਦਤ ਨਾਲ਼ ਇਸ ਵਿਧਾ ਨੂੰ ਸਮਝਦੇ- ਸਿਰਜਦੇ ਹਨ। ਅਜਿਹੇ ਨਾਵਾਂ ਵਿਚੋਂ ਇਕ ਨਾਂ ਹੈ ਦਾਦਰ ਪੰਡੋਰਵੀ, ਜਿਸਨੇ ਆਪਣੇ ਗ਼ਜ਼ਲ-ਸੰਗ੍ਰਹਿ ‘ਆਲ੍ਹਣਿਆਂ ਦੀ ਚਿੰਤਾ’ ਨਾਲ਼ ਆਪਣੀ ਪੁਖ਼ਤਾ ਕਾਵਿ ਸੋਝੀ ਦੀ ਬੜੀ ਖ਼ੂਬਸੂਰਤ ਪੇਸ਼ਕਾਰੀ ਕੀਤੀ ਹੈ।
* ਰੁੱਖ, ਆਲ੍ਹਣੇ ਅਤੇ ਪਰਿੰਦੇ ਸੜ ਕੇ ਹੋ ਗਏ ਰਾਖ ਮਗਰ,
* ਪਰਿੰਦੇ ਆਲ੍ਹਣੇ ਦੇ ਵਾਸਤੇ ਰੁੱਖ ਮੰਗਦੇ ਨੇ ,
* ਹਾਲੇ ਤਾਂ ਬੂੰਦ - ਬੂੰਦ ਨੂੰ ਉਹ ਤਰਸਦੀ ਫਿਰੇ,
* ਸਲੀਕਾ ਖ਼ੂਬ ਆਉਂਦਾ ਹੈ ਕਦੋਂ ਇਮਦਾਦ ਹੈ ਕਰਨੀ,
ਦਾਦਰ ਦੀ 'ਆਲ੍ਹਣਿਆਂ ਦੀ ਚਿੰਤਾ' ਵਿਚਲੀ ਗ਼ਜ਼ਲਕਾਰੀ ਗ਼ਜ਼ਲ ਦੇ ਪਰੰਪਰਕ ਮੁਹਾਵਰੇ ਤੋਂ ਪੂਰੀ ਤਰ੍ਹਾਂ ਮੁਕਤ ਹੈ।ਉਸ ਦੇ ਸ਼ਾਇਰੀ ਦੇ ਕੇਂਦਰ ਵਿਚ ਜ਼ਿਆਦਾਤਰ ਸਮਾਜਕ-ਰਾਜਨੀਤਕ ਮਸਲੇ ਹਨ। ਉਹ ਸਮਾਜਕ ਵਿਤਕਰਿਆਂ, ਰਾਜਸੀ ਦੰਭਾਂ, ਸੰਘਰਸ਼ਸ਼ੀਲ ਲੋਕਾਂ ਦੇ ਸੰਘਰਸ਼/ਭਟਕਾਅ, ਮਨੁੱਖੀ ਬੇਵਸੀ ਅਤੇ ਖੁਰਦੀਆਂ ਮਾਨਵੀ ਕੀਮਤਾਂ ਨੂੰ ਬੜੀ ਖ਼ੂਬਸੂਰਤੀ ਨਾਲ਼ ਆਪਣੇ ਸ਼ਾਇਰਾਨਾਂ ਫ਼ਿਕਰਾਂ ਵਿਚ ਸ਼ਾਮਿਲ ਕਰਦਾ ਹੈ-
* ਕੰਮ ਸੂਰਜ ਨੂੰ ਬੜੇ ਪੈਂਦੇ ਨੇ ਤੇਰੇ ਸ਼ਹਿਰ ਵਿਚ,
ਪਿੰਡ ਸਾਡੇ ਆਉਂਦਿਆਂ ਤਕ ਇਹ ਲਵੇ ਕਿਰਨਾਂ ਥਕਾ।
* ਰੁੱਖ, ਆਲ੍ਹਣੇ ਅਤੇ ਪਰਿੰਦੇ ਸੜ ਕੇ ਹੋ ਗਏ ਰਾਖ ਮਗਰ,
ਵੇਖੋ ਬਾਗ਼ ਦੇ ਮਾਲੀ ਫਿਰ ਵੀ ਜਸ਼ਨ ਮਨਾਈ ਜਾਂਦੇ ਨੇ।
* ਪਰਿੰਦੇ ਆਲ੍ਹਣੇ ਦੇ ਵਾਸਤੇ ਰੁੱਖ ਮੰਗਦੇ ਨੇ ,
ਤੇ ਜੰਗਲ ਏਸ ਇੱਛਾ ਨੂੰ ਬਗ਼ਾਵਤ ਸਮਝਦਾ ਹੈ।
* ਹਾਲੇ ਤਾਂ ਬੂੰਦ - ਬੂੰਦ ਨੂੰ ਉਹ ਤਰਸਦੀ ਫਿਰੇ,
ਨਾ ਕਰ ਤੂੰ ਸੁਕਦੀ ਫ਼ਸਲ ਨੂੰ ਨਿਸਰਨ ਜਿਹੇ ਸਵਾਲ।
* ਸਲੀਕਾ ਖ਼ੂਬ ਆਉਂਦਾ ਹੈ ਕਦੋਂ ਇਮਦਾਦ ਹੈ ਕਰਨੀ,
ਬੁਝਾਉਣੇ ਦੀ ਤਮੰਨਾ ਨਾਲ਼ ਤੀਲੀ ਲਾਣ ਦਿੱਤੀ ਗਈ।
ਦਾਦਰ ਨੂੰ ਸ਼ਿਅਰਕਾਰੀ ਦੀਆਂ ਬੁਨਿਆਦੀ ਜੁਗਤਾਂ ਦੀ ਬੜੀ ਸੂਖ਼ਮ ਸਮਝ ਹੈ।ਉਸ ਨੂੰ ਸ਼ਾਇਰੀ ਦੀ ਬਿੰਬ ਸਿਰਜਣ ਸ਼ਕਤੀ, ਸ਼ਾਇਰੀ ਦੀ ਚਿਹਨਾਰਥੀ ਸਮਰੱਥਾ ਅਤੇ ਕਾਵਿ-ਭਾਸ਼ਾਈ ਖ਼ੂਬਸੂਰਤੀ ਤੋਂ ਇਲਾਵਾ ਗ਼ਜ਼ਲ ਵਿਚ ਤਗ਼ੱਜ਼ਲ ਦੇ ਸਥਾਨ ਦੀ ਚੰਗੀ ਸਮਝ ਹੈ।ਵਿਰੋਧਾਭਾਸ, ਕਟਾਖ਼ਸ਼, ਰਮਜ਼ ਅਤੇ ਟੁਕੜੀਆਂ ਦੀ ਵਰਤੋਂ ਜਿਹੀਆਂ ਕਾਵਿ-ਜੁਗਤਾਂ ਨੂੰ ਵੀ ਉਹ ਬਾਖ਼ੂਬੀ ਇਸਤੇਮਾਲ ਕਰਦਾ ਹੈ।ਏਸੇ ਕਰਕੇ ਉਸਦੇ ਸ਼ਿਅਰਾਂ ਵਿਚ ਕਾਵਿ ਦਾ ਵਸਤੂ ਬੜੇ ਖ਼ੂਬਸੂਰਤ ਰੂਪ ਵਿਚ ਦ੍ਰਿਸ਼ਟੀਗੋਚਰ ਹੁੰਦਾ ਹੈ।
ਆਮ ਤੋਰ ’ਤੇ ਗ਼ਜ਼ਲ ਵਿਚ ਅਰੂਜ਼ (ਬਹਿਰ-ਵਜ਼ਨ) ਨੂੰ ਬੜਾ ਮੁਸ਼ਕਲਿ ਕਾਰਜ ਤਸਲੀਮ ਕੀਤਾ ਜਾਂਦਾ ਹੈ। ਪਰ ਦਾਦਰ ਲਈ ਅਰੂਜ਼ ਕੋਈ ਸਮੱਸਿਆ ਨਹੀਂ। ਉਹ ਛੋਟੀਆਂ-ਵੱਡੀਆਂ ਹਰ ਤਰ੍ਹਾਂ ਦੀਆਂ ਬਹਿਰਾਂ ਵਿਚ ਸਹਿਜੇ ਹੀ ਗ਼ਜ਼ਲ ਸਿਰਜਣ ਦੀ ਮੁਹਾਰਤ ਰੱਖਦਾ ਹੈ।ਇਹ ਸਮਰੱਥਾ ਉਸਨੇ ਗ਼ਜ਼ਲ ਸਕੂਲਾਂ ਤੋਂ ਇਲਾਵਾ ਆਪਣੇ ਗਹਿਰ-ਅਧਿਐਨ ਨਾਲ਼ ਹਾਸਿਲ ਕੀਤੀ ਹੈ। ਅਜਿਹੇ ਸ਼ਾਇਰ ਦੀ ਆਮਦ ਪੰਜਾਬੀ ਗ਼ਜ਼ਲਗੋਈ ਲਈ ਸ਼ੁਭ ਸ਼ਗਨ ਹੈ। ਦਾਦਰ ਤੋਂ ਭਵਿੱਖ ਵਿਚ ਹੋਰ ਪੁਖ਼ਤਾ ਸ਼ਾਇਰੀ ਦੀ ਆਸ ਵਿਚ ਇਸ ਪੁਸਤਕ ਦਾ ਸੁਆਗਤ ਹੈ।
-ਡਾ. ਸ਼ਮਸ਼ੇਰ ਮੋਹੀ
-ਡਾ. ਸ਼ਮਸ਼ੇਰ ਮੋਹੀ
No comments:
Post a Comment