Tuesday, May 1, 2012

ਸ਼ਿਅਰਕਾਰੀ ਦਾ ਉੱਤਮ ਨਮੂਨਾ ਗ਼ਜ਼ਲ-ਸੰਗ੍ਰਹਿ 'ਆਲ੍ਹਣਿਆਂ ਦੀ ਚਿੰਤਾ'-ਸੁਲੱਖਣ ਸਰਹੱਦੀ

"ਆਲ੍ਹਣਿਆਂ ਦੀ ਚਿੰਤਾ" ਗ਼ਜ਼ਲ-ਸੰਗ੍ਰਹਿ ਪ੍ਰਸਿੱਧ ਸ਼ਾਇਰ ਦਾਦਰ ਪੰਡੋਰਵੀ ਦਾ ਸ਼ਿਅਰੀ ਖਜ਼ਾਨਾ ਹੈ|ਦਾਦਰ ਪੰਡੋਰਵੀ ਨਵੀਂ ਪੀੜ੍ਹੀ ਦਾ ਸੰਵੇਦਨਸ਼ੀਲ ਤੇ ਪੁਰ-ਅਹਿਸਾਸ ਸ਼ਾਇਰ ਹੈ|ਪੰਜਾਬੀ ਗ਼ਜ਼ਲ ਦਾਦਰ ਜਿਹੇ ਸ਼ਾਇਰਾਂ ਸਦਕਾ ਹੀ ਨਵੇਂ ਮਨੁੱਖ ਦੇ ਮੇਚ ਦੀ ਹੋ ਕੇ ਤੁਰ ਰਹੀ ਹੈ|ਦਾਦਰ ਨੇ ਹਥਲਾ ਗ਼ਜ਼ਲ ਸੰਗ੍ਰਹਿ ਛਪਣ ਤੋਂ ਪਹਿਲਾਂ ਹੀ ਗ਼ਜ਼ਲ ਦੇ ਖੇਤਰ ਵਿਚ ਆਪਣੀ ਜਾਣ-ਪਹਿਚਾਣ ਗੂੜ੍ਹੀ ਕਰ ਲਈ ਸੀ|ਉਸਨੇ ਆਪਣੀ ਸਮਰੱਥਾ ਨਾਲ ਪੰਜਾਬੀ ਪਾਠਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ|ਸੰਸਾਰ ਭਰ ਦੀ ਅਪਣੱਤ ਦਾ ਸੰਕਲਪ ਘਰ ਹਨ|ਸ਼ਾਇਰ ਦਾਦਰ ਨੂੰ ਅਹਿਸਾਸ ਹੈ ਕਿ ਜੇਕਰ ਮਨੁੱਖ ਦੀ ਹਵਸ ਇਸੇ ਤਰ੍ਹਾਂ ਹੀ ਸਿਕੰਦਰੀ ਹੁੰਦੀ ਗਈ ਤਾਂ ਪਿੰਜਰੇ ਨਹੀਂ ਬਚਣੇ|ਆਧੁਨਿਕ ਮਨੁੱਖ ਘਰ ਵੀ ਮੰਡੀ ਵਿਚ ਲੈ ਗਿਆ ਹੈ ਤੇ ਜੇਬ ਰਾਹੀਂ ਸਾਹ ਲੈਣ ਲੱਗ ਪਿਆ ਹੈ|ਪੰਜਾਬੀ ਗ਼ਜ਼ਲ ਪੰਜਾਬ ਦੇ ਅਤੇ ਪੰਜਾਬੀਆਂ ਦੇ ਹਰ ਸੰਕਟੀ ਦੌਰ ਵਿਚ ਨਾਲ-ਨਾਲ ਰਹੀ ਹੈ|ਖੌਫ਼ ਅਤੇ ਦਹਿਸ਼ਤ ਵਿਚ ਵੀ ਗ਼ਜ਼ਲ ਲੋਕਾਂ ਨੂੰ ਦਿਲਾਸਾ ਦਿੰਦੀ ਰਹੀ ਹੈ|ਪੰਜਾਬੀ ਗ਼ਜ਼ਲ ਨੇ ਚੰਗੇ ਤੇ ਮਾੜੇ ਦਿਨ ਆਪਣੇ ਪਾਠਕਾਂ ਦੇ ਮੇਚ ਦੀ ਹੋ ਕੇ ਬਿਤਾਏ ਹਨ|ਗ਼ਜ਼ਲ ਨੇ ਹਰ ਦੌਰ ਵਿਚ ਆਪਣੀ ਜ਼ਿੰਮੇਵਾਰੀ ਨਿਭਾਈ ਹੈ|ਇਸੇ ਲਈ ਅੱਜ ਪੰਜਾਬੀ ਗ਼ਜ਼ਲ ਲੋਕਾਂ ਦੇ ਦਿਲ-ਦਿਮਾਗ ਦੇ ਨੇੜੇ-ਨੇੜੇ ਹੈ| ਗ਼ਜ਼ਲ ਕੇਵਲ ਰੁਦਨ ਨਹੀਂ ਕਰਦੀ ਅਤੇ ਨਾ ਕੇਵਲ ਚੀਕ ਬੁਲਬੁਲੀ ਬਣਦੀ ਹੈ ਸਗੋਂ ਉਹ ਯਥਾਰਥ ਨੂੰ ਤਰਕ ਬੋਧ ਅੰਦਰ ਰਹਿ ਕੇ ਪੇਸ਼ ਕਰ ਰਹੀ ਹੈ|ਇਸ ਗ਼ਜ਼ਲ-ਸੰਗ੍ਰਹਿ ਦਾ ਇਕ-ਇਕ ਸ਼ਿਅਰ ਮਾਲਾ ਦਾ ਸੁੱਚਾ ਮੋਤੀ ਹੈ ਤੇ ਹਰ ਸ਼ਿਅਰ ਬਾਰੇ ਵਿਸਤ੍ਰਿਤ ਤੌਰ ਤੇ ਫਲਸਫਿਆਈ ਵਿਚਾਰ ਕੀਤਾ ਜਾ ਸਕਦਾ ਹੈ|
ਹੇਠਲੇ ਕੁਝ ਸ਼ਿਅਰ ਵੇਖੋ:-

* ਸੁਨਹਿਰੀ  ਹੋਣ  ਕਰਕੇ  ਹੀ ਜੇ ਪਿੰਜਰਾ ਖੂਬਸੂਰਤ ਹੈ|
   ਤਾਂ ਸਮਝੋ ਪੰਛੀਆਂ ਦੀ ਸੋਚਣੀ ਵਿਚ ਵੀ ਸਿਆਸਤ ਹੈ|

* ਕੰਮ  ਸੂਰਜ  ਨੂੰ   ਬੜੇ  ਪੈਂਦੇ   ਨੇ  ਤੇਰੇ  ਸ਼ਹਿਰ  ਵਿਚ,
   ਪਿੰਡ ਸਾਡੇ ਆਉਂਦਿਆਂ ਤਕ ਇਹ ਲਵੇ ਕਿਰਨਾਂ ਥਕਾ|

* ਉਹ  ਸਾਰੀ  ਰਾਤ  ਉਸਤੋਂ ਰੌਸ਼ਨੀ ਦੀ ਮੰਗ ਕਰਦਾ ਹੈ,
   ਬੇਸ਼ਕ ਉਸ ਮੋਮਬੱਤੀ ਦਾ ਬਦਨ ਸਾਰਾ ਪਿਘਲ ਜਾਵੇ|


* ਬਣਾਉਂਦਾ  ਵੇਖਿਆ  ਜਦ  ਪਿੰਜਰੇ  ਵਿਚ  ਆਲ੍ਹਣਾ ਪੰਛੀ,
   ਬੜਾ ਕੁਝ ਸੋਚ ਕੇ ਦਿਲ ਨੇ ਕਿਹਾ "ਇਹ ਵੀ ਹਿਫ਼ਾਜ਼ਤ ਹੈ|"

* ਹਾਦਸਾ  ਕਿੰਨਾ  ਵਚਿੱਤਰ  ਤੇ  ਭਿਅੰਕਰ ਹੋ ਗਿਆ ਹੈ|
   ਰੂਪ ਘਰ ਦਾ ਬਦਲ ਕੇ ਮੰਡੀ ਜਾਂ ਦਫ਼ਤਰ ਹੋ ਗਿਆ ਹੈ|

* ਸਾਡਿਆਂ ਸਮਿਆਂ 'ਚ ਇਹ ਵੀ ਦਰਜ਼ ਹੋਇਆ ਹੈ ਸਫ਼ਰ,
   ਸ਼ੱਕ ਵੀ ਤੁਰਿਆ  ਨਰਿੰਤਰ ਰਿਸ਼ਤਿਆਂ ਦੇ  ਨਾਲ-ਨਾਲ|


ਇਹ ਸ਼ਾਇਰੀ ਸਹਿਜ ਅਤੇ ਸੁਹਜ ਦੀ ਅਲੰਬਰਦਾਰ ਹੈ|ਸ਼ਿਅਰਾਂ ਵਿਚ ਰਾਜਨੀਤਕ,ਸਮਾਜਿਕ,ਧਾਰਮਿਕ ਅਤੇ ਸੱਭਿਆਚਾਰਕ ਰੰਗ-ਢੰਗ ਫੁਲਝੜੀ ਵਾਂਗ ਰੰਗ ਬਿਖੇਰਦੇ ਹਨ|ਧਰਮ ਅਤੇ ਰਾਜਨੀਤੀ ਦੇ ਨਾ-ਪਾਕ ਗਠਜੋੜ,ਵਧੀ ਜਾ ਰਹੀ ਮਨੁੱਖੀ ਹਵਸ਼,ਖਾਬਾਂ ਦਾ ਅੱਖਾਂ ਵਿਚ ਹੀ ਮਰ ਜਾਣਾ,ਮਾਨਵੀ ਰਿਸ਼ਤਿਆਂ ਦੀ ਟੁੱਟ-ਭੱਜ,ਰਹਿਬਰਾਂ ਦੀ ਬਦਨੀਤੀ,ਪਿਆਰ ਨੂੰ ਰੇਤ ਦਾ ਦਾਨ,ਰੌਸ਼ਨੀ ਦੇ ਨਾਂ ਤੇ ਕਾਲਖਾਂ ਦਾ ਵਪਾਰ ਅਤੇ ਮਾਲੀ ਹੱਥੋਂ ਸਾੜੇ ਜਾ ਰਹੇ ਰੁੱਖ ਇਸ ਸ਼ਾਇਰੀ ਦੇ ਚਿਹਨ ਸਿਰਜਕ ਹਨ|ਦਾਦਰ ਪੰਡੋਰਵੀ ਦੀ ਹੱਥਲੀ ਪੁਸਤਕ ਦੇ ਸਾਰੇ ਸ਼ਿਅਰ ਪੜ੍ਹਨ ਤੇ ਮਾਨਣ ਯੋਗ ਹੀ ਨਹੀਂ ਸਗੋਂ ਰਾਹ-ਦਸੇਰੇ ਵੀ ਹਨ|

                                                                                  -ਸੁਲੱਖਣ ਸਰਹੱਦੀ

No comments:

Post a Comment