Monday, June 18, 2012

ਸੁਖ਼ਨਵਰੀ ਦਾ ਸੁਲੱਖਣਾ ਅਹਿਦ-ਆਲ੍ਹਣਿਆਂ ਦੀ ਚਿੰਤਾ


ਪੰਜਾਬੀ ਕਾਵਿਕਾਰੀ ਦੀ ਸਸ਼ਕਤ ਸਿਨਫ਼ ਗ਼ਜ਼ਲ ਦੀ ਧਾਰਾ ਨੂੰ ਨਿਰੰਤਰ ਪ੍ਰਵਾਹਿਤ ਕਰਨ ਹਿਤ ਭਰਵਾਂ ਯੋਗਦਾਨ ਪਾਉਣ ਵਾਲੇ ਸ਼ਾਇਰਾਂ ਵਿਚ ਦਾਦਰ ਪੰਡੋਰਵੀ ਗ਼ਜ਼ਲ ਦੇ ਜ਼ਮੀਨੀ-ਜੁੱਸੇ ਤੇ ਕਾਇਆ ਦੋਹਾਂ ਤੋਂ ਬਾਅਸਰ ਢੰਗ ਨਾਲ ਪੀ੍ਚਿਤ ਹੋਣ ਦੀ ਸ਼ਾਹਦੀ ਭਰਦਾ ਹੈ|ਗ਼ਜ਼ਲ ਦੀ ਜਗਤਾਰ-ਪਾਤਰ ਪੀੜ੍ਹੀ ਤੋਂ ਤੀਜੇ ਪੜਾਅ ਤੇ ਸਿਰਜਣਸ਼ੀਲ ਹੋਣ ਵਾਲੇ ਜਿਹਨਾਂ ਕੁਝ ਕੁ ਸ਼ਾਇਰਾਂ ਨੇ ਭਵਿਖਮੁਖੀ ਵਿਕਾਸ ਦੇ ਜ਼ਾਮਨ ਬਣਨ ਵੱਲ ਅਗਰਸਰ ਹੋਣ ਦੇ ਭਰਵੇਂ ਸੰਕੇਤ ਦਿੰਦਿਆਂ ਨਵੇਂ ਭਾਵਬੋਧ ਦੀ ਸ਼ਾਇਰੀ ਕਰਨ ਵੱਲ ਪੁਖ਼ਤਾ ਪੁਲਾਂਘ ਪੁੱਟੀ ਹੈ ਦਾਦਰ ਪੰਡੋਰਵੀ ਦਾ ਸ਼ੁਮਾਰ ਉਹਨਾਂ ਸ਼ਾਇਰਾਂ ਵਿਚ ਸਹਿਜੇ ਹੀ ਕੀਤਾ ਜਾ ਸਕਦਾ ਹੈ

ਦਾਦਰ ਪੰਡੋਰਵੀ ਦੇ ਇਸ ਦੂਸਰੇ ਗ਼ਜ਼ਲ-ਸੰਗ੍ਰਹਿ 'ਆਲ੍ਹਣਿਆਂ ਦੀ ਚਿੰਤਾ' ਦੀਆਂ ਗ਼ਜ਼ਲਾਂ ਦੇ ਸੰਗ-ਸਾਥ ਵਿਚਰਦਿਆਂ ਮੈਨੂੰ ਪੰਜਾਬੀ ਗ਼ਜ਼ਲਕਾਰੀ ਦੀ ਸਮਰਥਾ ਦੇ ਭਰਵੇਂ ਦੀਦਾਰ ਹੋਏ ਹਨ|ਦਾਦਰ ਉਹ ਸ਼ਾਇਰ ਹੈ ਜਿਸਨੇ ਪਿੰਜਰੇ-ਸਰੀਖ਼ੀ ਪਰਵਾਜ਼ ਤੋਂ ਮੁਕਤ ਹੁੰਦਿਆਂ ਖੁੱਲੇ-ਅਥਾਹ,ਅਨੰਤ ਤੇ ਅਸਗਾਹ ਆਕਾਸ਼ ਦੇ ਅਣਚਾਹੇ,ਅਣਛੋਹੇ ਤੇ ਅਭੇਦੇ ਪੈਂਡੇ ਨੂੰ ਆਪਣੀ ਉਡਾਣ ਸਮਰਪਿਤ ਕਰਨ ਦਾ ਜੇਰਾ ਕੀਤਾ ਹੈ|ਦਾਦਰ ਉਹਨਾਂ ਸ਼ਾਇਰਾਂ ਦੀ ਕਤਾਰ ਵਿਚ ਖਲੋਣ ਦੇ ਸਮਰਥ ਸ਼ਾਇਰ ਵਜੋਂ ਵੀ ਸਾਹਮਣੇ ਆਉਂਦਾ ਹੈ ਜੋ ਸ਼ਿਅਰ ਕਹਿਣ ਦੀ ਥਾਂ ਸ਼ਿਅਰ ਸਿਰਜਦੇ ਹਨ|ਕਹਿਣ ਤੋਂ ਸਿਰਜਣ ਤਕ ਸਫ਼ਰ,ਸ਼ਾਇਰੀ ਵਿਚ ਸਰੋਵਰ ਤੋਂ ਸਮੁੰਦਰ ਤੱਕ ਦਾ ਪੈਂਡਾ ਤਹਿ ਕਰਨ ਦੇ ਬਰਾਬਰ ਹੈ|ਸਰੋਵਰ ਭਾਵ ਜਾਣੇ ਹੋਏ ਜਾਂ ਅਸਾਨੀ ਨਾਲ ਜਾਣੇ ਜਾ ਸਕਣ ਵਾਲੇ ਨੂੰ ਜਾਣਨਾ ਹੈ ਤੇ ਸਮੁੰਦਰ ਅਸਗਾਹ ਨੂੰ ਗਾਹੁਣਾ ਹੈ|ਅਸਗਾਹ ਨੂੰ ਅੰਗੀਕਾਰ ਕਰਕੇ ਸ਼ਾਇਰੀ ਵਿਚ ਸਮੂਰਤ ਕਰਨਾ ਹੀ ਗ਼ਜ਼ਲ ਦੀ ਰੂਹ ਤੱਕ ਰਸਾਈ ਕਰਨ ਲਈ ਯਤਨਸ਼ੀਲ ਹੋਣਾ ਹੈ|ਸ਼ਾਇਰ ਦਾਦਰ ਆਪਣੇ ਇਸ ਆਰੰਭਲੇ ਪੜਾਅ 'ਤੇ ਹੀ ਅਜਿਹੀ ਯਤਨਸ਼ੀਲਤਾ ਦੇ ਭਰਵੇਂ ਦੀਦਾਰ ਕਰਵਾਉਂਦਾ ਨਜ਼ਰੀਂ ਪੈਂਦਾ ਹੈ|

ਦਾਦਰ ਦੀ ਸ਼ਾਇਰੀ ਦੀਆਂ ਇਹ ਪਰਤਾਂ ਪੜ੍ਹਦਿਆਂ ਇਹ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ ਕਿ ਉਹ ਸਮਾਜਕ ਸਰੋਕਾਰਾਂ ਤੇ ਮਾਨਵੀ ਸਬੰਧਾਂ ਦੀਆਂ ਦਿਸਦੀਆਂ ਹੀ ਨਹੀਂ ਸਗੋਂ ਅਣਦਿਸਦੀਆਂ ਗੁੰਝਲਾਂ ਤੇ ਗੰਢਾਂ ਨੂੰ ਵੀ ਮੁਖ਼ਾਤਿਬ ਹੋਣ ਵਾਲੇ ਸ਼ਾਇਰ ਦਾ ਅਹਿਦ ਕਰੀ ਬੈਠਾ ਹੈ|ਉਹ ਗ਼ਜ਼ਲ ਦੇ ਬਹੁ-ਪਰਤੀ ਪਸਾਰ ਅਤੇ ਸ਼ਿਅਰੀਅਤ ਦੇ ਸਹਿਜ ਅਤੇ ਸੁਹਜ ਦੀ ਨਰਿੰਤਰ ਤਲਾਸ਼ ਵਿਚ ਰਹਿਣ ਵਾਲੇ ਸ਼ਾਇਰ ਦੇ ਰੂਪ ਵਿਚ ਕਾਰਜ਼ਸ਼ੀਲ ਰਹਿਣ ਵਾਲਾ ਸਿਰਜਕ ਬਣਦਿਆਂ ਸਿਰਜਣਾ ਦਾ ਕਾਵਿ-ਧਰਮ ਨਿਭਾਉਣ ਦੀ ਕੋਸ਼ਿਸ਼ ਵਿਚ ਰਹਿੰਦਾ ਹੈ|ਉਹ ਸਵੈ-ਸਿਰਜਤ ਰਿਸ਼ਤਿਆਂ ਪ੍ਰਤਿ ਵੀ ਸੁਚੇਤ ਹੈ ਤੇ ਪਰ ਪ੍ਰਤਿ ਸੰਵੇਦਨਸ਼ੀਲ ਮਾਨਵੀ-ਫ਼ਰਜਾਂ ਨੂੰ ਵੀ ਨਹੀਂ ਵਿਸਾਰਦਾ|ਦਾਦਰ ਦੀ ਸ਼ਾਇਰੀ ਵਿਚ ਸੰਵਾਭਨਾਵਾਂ ਤਾਂ 'ਅੰਦਰ ਦਾ ਸਫ਼ਰ' ਨਾਲ ਹੀ ਦ੍ਰਸ਼ਿਟੀਗੋਚਰ ਹੋ ਗਈਆਂ ਸਨ,ਪਰ ਇਸ ਪੁਲਾਂਘ ਨਾਲ ਉਹ ਇਕ ਸਮਰਥ ਭਵਿੱਖ-ਸਿਰਜਕ ਦੇ ਉਦੈ ਹੋਣ ਦੇ ਹੋਰ ਵੀ ਸਪਸ਼ਟ ਸੰਕੇਤ ਦਿੰਦਾ ਹੈ|ਭਵਿਖਮੁਖੀ ਸ਼ਿਅਰ ਸਿਰਜਣਾ ਦੇ ਨਕਸ਼ਾਂ ਨੂੰ ਸਾਕਾਰ ਕਰਦੇ ਉਹਦੇ ਕੁਝ ਸ਼ਿਅਰਾਂ ਦੀ ਸੁਹਬਤ ਵਿਚ ਵਿਚਰਕੇ ਵੇਖਦੇ ਹਾਂ:-
* ਸੁਨਿਹਰੀ  ਹੋਣ  ਕਰਕੇ  ਹੀ  ਜੇ  ਪਿੰਜਰਾ ਖ਼ੂਬਸੂਰਤ ਹੈ|
   ਤਾਂ ਸਮਝੋ ਪੰਛੀਆਂ ਦਓ ਸੋਚਣੀ ਵਿਚ ਵੀ ਸਿਆਸਤ ਹੈ| 

* ਕਿਸੇ  ਦੀ  ਮੈਂ ਜ਼ਰੂਰਤ ਹਾਂ,ਕੋਈ ਮੇਰੀ ਜ਼ਰੂਰਤ ਹੈ,
  ਜ਼ਰੂਰਤ ਹੀ ਜ਼ਰੂਰਤ ਵਿਚ ,ਜ਼ਮਾਨਾ ਖ਼ੂਬਸੂਰਤ ਹੈ|

ਇਕ ਦੂਸਰੇ ਦੀ ਸਵਾਰਥ ਰਹਿਤ ਅਟੱਲ ਜ਼ਰੂਰਤ ਦੀ ਸਾਰਥਿਕਤਾ ਤੇ ਇਸ ਦੁਆਰਾ ਉਦੈ ਵਾਲੀ ਮਨੁੱਖ ਮੁਖੀ ਖੂ਼ਬਸੂਰਤੀ ਨੂੰ ਸਾਕਾਰ ਕਰਦਾ ਇਹ ਕਮਾਲ ਦਾ ਕਾਵਿ-ਬਿੰਬ ਹੈ ਤੇ ਅਜਿਹੀ ਸ਼ਾਇਰੀ ਦੀ ਸਿਰਜਣਾ ਕਿਸੇ ਸ਼ਾਇਰ ਦੀ ਸਿਰਜਨਾਤਮਕ ਪ੍ਰਤਿਭਾ ਦਾ ਪ੍ਰਮਾਣ ਸਮਝੀ ਜਾ ਸਕਦੀ ਹੈ|ਇਸ ਮਾਲਾ ਵਿਚ ਕੁਝ ਮੋਤੀ ਹੋਰ ਜੁੜਦੇ ਵੇਖਦੇ ਹਾਂ:-


* ਡਾਢਿਆਂ ਸਮਿਆਂ 'ਚ ਇਹ ਵੀ ਦਰਜ ਹੋਇਆ ਹੈ ਸਫ਼ਰ,
  ਸ਼ੱਕ  ਵੀ  ਤੁਰਿਆ ਨਿਰੰਤਰ ਰਿਸ਼ਤਿਆਂ ਦੇ ਨਾਲ-ਨਾਲ|

* ਉਹ ਪੱਥਰ ਦੀ ਹਉਮੈ ਦਾ ਹੁਣ ਏਦਾਂ ਭਾਰ ਉਠਾਉਂਦੇ ਹਨ,
  ਸ਼ੀਸ਼ੇ  ਨੂੰ  ਤਿੜਕਣ  ਦੇ  ਹੀ  ਡਰ ਨਾਲ ਡਰਾਈ ਜਾਂਦੇ ਨੇ|

* ਇਹ  ਮੰਨਿਆਂ  ਰਿਸ਼ਤਿਆਂ  ਵਿੱਚੋਂ ਨਵਾਂਪਣ ਗ਼ੈਰਹਾਜ਼ਰ ਹੈ,
   ਜੇ ਚਿਹਰਾ ਬਦਲਣਾ ਮੁਸ਼ਕਿਲ ਸੀ ਸ਼ੀਸ਼ਾ ਬਦਲਿਆ ਹੁੰਦਾ|

* ਤੁਹਾਡੀ  ਪਿਆਸ ਦੀ ਸ਼ਿੱਦਤ 'ਚ ਹੋਵੇਗੀ ਕਮੀ ਸ਼ਾਇਦ,
   ਥਲਾਂ  ਵਿਚ  ਤਪਦਿਆਂ ਨੂੰ ਜੇ ਅਜੇ ਸਾਗਰ ਨਹੀਂ ਲੱਭੇ|

ਇਹ ਸ਼ਾਇਰੀ ਇਸ ਗੱਲ ਦਾ ਨਿਰੰਤਰ ਅਹਿਸਾਸ ਕਰਾਉਂਦੀ ਹੈ ਕਿ ਦਾਦਰ ਦੀ ਪਿਆਸ ਵਿਚ ਉਹ ਸ਼ਿਦੱਤ ਮੌਜੂਦ ਹੈ ਜੋ ਸਾਗਰਾਂ ਦੀ ਤਲਾਸ਼ ਦੀ ਜ਼ਾਮਨ ਬਣਕੇ ਸ਼ਿਅਰ ਰੂਪੀ ਮੋਤੀ ਹੰਘਾਲਣ ਦੇ ਸਮਰੱਥ ਹੁੰਦੀ ਹੈ|ਮੈਨੂੰ ਇਸ ਗੱਲ ਦੀ ਖ਼ਸ਼ੀ ਵੀ ਹੈ ਕਿ ਮੈਂ ਇਸ ਖ਼ੂਬਸੂਰਤ ਸ਼ਾਇਰ ਨੂੰ ਤੁਹਾਡੇ ਰੂ-ਬਰੂ ਕਰਨ ਦਾ ਮਾਣ ਲੈ ਰਿਹਾ ਹਾਂ ਤੇ ਇਸ ਫ਼ਰਜ਼ ਦਾ ਅਹਿਸਾਸ ਵੀ ਹੈ ਕਿ ਮੈਂ ਉਸ ਨੂੰ ਇਹ ਚਿਤਵਣ ਹਿਤ ਸੁਚੇਤ ਰਹਿਣ ਵੱਲ ਪ੍ਰੇਰਤ ਵੀ ਕਰਾਂ ਕਿ ਹਜ਼ਾਰਾਂ ਰੰਗਾਂ 'ਚੋਂ ਗੁਜ਼ਰਦਿਆਂ ਆਪਣਾ ਰੰਗ ਸਲਾਮਤ ਰੱਖਣਾ ਤੇ ਉਸਦੀ ਆਭਾ ਨੂੰ ਹੋਰ ਪ੍ਰਚੰਡ ਕਰਦੇ ਰਹਿਣਾ ਹੀ ਸ਼ਾਇਰੀ ਦੇ ਫ਼ਰਜ਼ ਤੇ ਸੁਹਜ ਪ੍ਰਤਿ ਸ਼ਾਇਰ ਦਾ ਪਹਿਲਾ ਤੇ ਆਖਰੀ ਧਰਮ ਹੁੰਦਾ ਹੈ ਤੇ ਇਹ ਅਹਿਦ ਵੀ ਹੁੰਦਾ ਹੈ ਤੇ ਅਕੀਦਾ ਵੀ|ਬਸ ਮੇਰੀ ਖਾਹਿਸ਼ ਹੈ ਕਿ ਉਹ ਸ਼ਾਇਰੀ ਦੇ ਸਿਰਜਣ-ਪਲਾਂ ਦੌਰਾਨ ਆਪਣੇ ਹੀ ਇਸ ਸ਼ਿਅਰ ਨੂੰ ਸਮਰਪਿਤ ਰਹੇ:-

* ਉਹਦੀ ਪਹਿਚਾਣ 'ਦਾਦਰ' ਭੀੜ ਦੇ ਅੰਦਰ ਨਹੀਂ ਰੁਲਦੀ,
   ਜੋ  ਲੈ ਕੇ ਜਾਗਦਾ ਸਿਰ ਭੀੜ 'ਚੋਂ ਵੱਖਰਾ ਨਿਕਲ ਜਾਵੇ|


ਸ਼ਾਇਰੀ ਪ੍ਰਤਿ ਸੁਲੱਖਣਾ ਅਹਿਦ ਕਰਦਿਆਂ ਆਪਣੀ ਦੂਸਰੀ ਪੁਲਾਂਘ ਪੁੱਟਣ ਵਾਲੇ ਇਸ ਸ਼ਾਇਰ ਨੂੰ ਮੈਂ ਇਸ ਮਾਣ ਤੇ ਆਸ ਨਾਲ ਫਿਰ ਤੁਹਾਨੂੰ ਮੁਖ਼ਾਤਿਬ ਹੋਣ ਲਈ ਹਾਜ਼ਰ ਕਰ ਰਿਹਾ ਹਾਂ ਕਿ ਇਸ ਦੇ ਹੁਖ਼ਨ ਪ੍ਰਤਿ ਤੁਹਾਡਾ ਹੁੰਗਾਰਾ ਨਿਰਸੰਦੇਹ ਮੇਰੇ ਨਾਲੋਂ ਵਧੇਰੇ ਸ਼ਿੱਦਤ ਭਰਪੂਰ ਤੇ ਸਾਰਥਿਕ ਹੋਵੇਗਾ|
                                                                  -ਸੁਰਜੀਤ ਜੱਜ
                                                                   ਫ਼ਗਵਾੜਾ
                                                               11 ਨਵੰਬਰ'2010









No comments:

Post a Comment