Tuesday, December 6, 2011

(ਗ਼ਜ਼ਲ-55) ਆਲ੍ਹਣੇ ਧੂਹ-ਧੂਹਕੇ ਰੁੱਖਾਂ ਤੋਂ ਉਤਾਰੇ ਜਾ ਰਹੇ ਨੇ

ਆਲ੍ਹਣੇ ਧੂਹ-ਧੂਹਕੇ ਰੁੱਖਾਂ ਤੋਂ ਉਤਾਰੇ ਜਾ ਰਹੇ ਨੇ|
ਪੰਛੀਆਂ ਦੇ ਸਾਹਮਣੇ ਸਦਮੇ ਗੁਜਾਰੇ ਜਾ ਰਹੇ ਨੇ|

ਅਸਤਿਆ ਸੂਰਜ ਹਨੇਰਾ ਘੁੱਪ ਹੋਇਆ ਹੈ ਯਕੀਕਨ,
ਟੁੱਟਕੇ ਅੰਬਰ 'ਚੋਂ ਜਿੱਧਰ ਨੂੰ ਸਿਤਾਰੇ ਜਾ ਰਹੇ ਨੇ|

ਜੇ ਟਿਕਾਣੇ ਹੋਸ਼ ਰੱਖੀ ਮੁੜਨਗੇ ਵਾਪਿਸ ਪਰਿੰਦੇ,
ਜਾਲ਼ ਲਾਕੇ ਉਹਲੇ ਵਿਚ,ਦਾਣੇ ਖਿਲਾਰੇ ਜਾ ਰਹੇ ਨੇ|

ਆਪਣੇ ਵਿਸਥਾਰ ਕਰਦੇ ਮਾਣ ਕਰਦੇ ਸਾਗਰਾਂ ਨੂੰ,
ਹੋਸ਼ ਇਹ ਵੀ ਨਾ ਰਹੀ ਖੁਰਦੇ ਕਿਨਾਰੇ ਜਾ ਰਹੇ ਨੇ|

ਗ਼ਮਲਿਆਂ ਨੇ ਹਰ ਪੈਦਾਇਸ਼ ਦਾ ਸਲੀਕਾ ਸਿਖ ਲਿਆ ਹੈ,
ਭਰਮ ਫ਼ਸਲਾਂ ਦੇ ਬੇਸ਼ਕ ਚੁੱਕੀ ਕਿਆਰੇ ਜਾ ਰਹੇ ਨੇ|

ਰਚਕੇ ਸਾਜ਼ਿਸ਼ ਰਸਤਿਆਂ ਨੇ ਕਰ ਲਿਆ ਨੂੰ ਛਾਵਾਂ ਨੂੰ ਅਗਵਾ,
ਬੇਵਜਾ ਧੁੱਪਾਂ 'ਤੇ ਪਰ ਗੁੱਸੇ ਉਤਾਰੇ ਜਾ ਰਹੇ ਨੇ|

ਪਾਣੀਆਂ ਉੱਤੇ ਛਪੀ ਤਸਵੀਰ ਤਾਂ ਧੁੰਦਲੀ ਨਾ ਹੋਈ,
ਨਕਸ਼ ਚਿਪਕੇ ਸ਼ੀਸ਼ਿਆਂ ਉੱਤੋਂ ਉਤਾਰੇ ਜਾ ਰਹੇ ਨੇ|

ਰੌਸ਼ਨੀ ਦੇ ਨਾਲ ਕਿੰਨਾਂ ਪਿਆਰ ਹੈ ਲੋਕਾਂ ਨੂੰ ਵੇਖੋ,
ਚੜ੍ਦਾ ਸੂਰਜ ਵੇਖਕੇ ਦੀਵੇ ਵਿਸਾਰੇ ਜਾ ਰਹੇ ਨੇ|

ਇਸ ਲਈ ਕਿ ਕੁਰਸੀਆਂ ਨੂੰ ਲਾਭ ਇਸਦਾ ਬਹੁਤ ਹੈ,
ਧਰਮ ਜ਼ਿੰਦਾਬਾਦ ਦੇ ਨਾਅਰੇ ਲਗਾਏ ਜਾ ਰਹੇ ਨੇ|

No comments:

Post a Comment