Tuesday, December 6, 2011

(ਗ਼ਜ਼ਲ-54) ਜੇ ਤੇਰੇ ਜ਼ਿਹਨ ਦੀ ਬਰਮੀ 'ਚ ਲੱਖਾਂ ਨਾਗ ਪਲਦੇ ਨੇ

ਜੇ ਤੇਰੇ ਜ਼ਿਹਨ ਦੀ ਬਰਮੀ 'ਚ ਲੱਖਾਂ ਨਾਗ ਪਲਦੇ ਨੇ|
ਤਾਂ ਹੁਣ ਸਾਡੇ ਘਰਾਂ ਵਿਚ ਵੀ ਸਪੇਰੇ ਆਮ ਮਿਲਦੇ ਨੇ|

ਇਹ ਇੱਜ਼ਤ,ਇਹ ਦਿਲੀ ਸ਼ੁਭ-ਕਾਮਨਾਵਾਂ ਸਾਂਭ ਕੇ ਰੱਖੀਂ,
ਜਦੋਂ ਤਕ ਰਿਸ਼ਤਿਆਂ ਵਿਚ ਤੁਹਫ਼ਿਆਂ ਦੇ ਦੌਰ ਚਲਦੇ ਨੇ|

ਬੇਦਾਵਾ ਰਿਸ਼ਤਿਆਂ ਨੂੰ ਦੇ ਕੇ ਹਿੱਸਾ ਹੋ ਜਾ ਮੰਡੀ ਦਾ,
ਜੇ ਤੇਰੇ ਜ਼ਿਹਨ ਅੰਦਰ ਹਰ ਸਮੇਂ ਸ਼ੰਕੇ ਮਚਲਦੇ ਨੇ|

ਉਤਰਦੀ ਹੈ ਜਦੋਂ ਸਫ਼ਿਆਂ 'ਤੇ ਗਾਥਾ ਸੁਖਦ ਹੁੰਦੀ ਹੈ,
ਪਰ ਅੱਗੋਂ-ਪਿੱਛੋਂ ਪਾਤਰ ਏਸਦੇ ਸੰਤਾਪ ਝਲਦੇ ਨੇ|

ਨਰਿੰਤਰ ਤੁਰਨ ਦੀ ਆਦਤ ਵੀ ਤਾਂ ਚੰਗੀ ਨਹੀਂ ਹੁੰਦੀ,
ਜ਼ਰਾ ਦਮ ਲੈਣ ਮਗਰੋਂ ਵੀ ਮੁਸਾਫ਼ਿਰ ਤੇਜ਼ ਚਲਦੇ ਨੇ|

ਮਸ਼ਾਲਾਂ ਬਾਲ਼ ਕੇ ਚਿੰਤਨ ਦੀਆਂ ਹੁਣ ਰੂਬਰੂ ਹੋਵੋ,
ਚਿਰਾਗ਼ਾਂ ਕੱਲਿਆਂ ਤੋਂ ਨਾ ਸਿਆਹ ਨੇਰੇ ਨਿਕਲਦੇ ਨੇ|

ਉਹਨਾਂ ਦੀ ਸੋਚ ਵਿੱਚੋਂ ਪਿੰਜਰੇਬਾਜ਼ੀ ਨਹੀਂ ਜਾਂਦੀ,
ਖ਼ਤਾਂ ਵਿਚ ਤਾਂ ਉਹ ਲਿਖ-ਲਿਖ ਕੇ ਸਦਾ ਅਰਦਾਸ ਘਲਦੇ ਨੇ|

No comments:

Post a Comment