ਇਕ ਪੱਤੇ ਦੇ ਪਿੰਡੇ ਉੱਤੇ ਕੀ ਲਿਖੀਆਂ ਕਵਿਤਾਵਾਂ|
ਦਰ-ਦਰ,ਗਲ਼ੀ-ਗਲ਼ੀ ਵਿਚ ਉਸਨੂੰ ਦਿੱਤਾ ਰੋਲ ਹਵਾਵਾਂ|
ਭਾਵੇਂ ਸਾਰੇ ਸ਼ਹਿਰ ਦੇ ਸ਼ੀਸ਼ੇ ਸਾਫ਼ ਕਰੋ ਲੱਖ ਵਾਰੀ,
ਪਰ ਨਾ ਲਹਿੰਦਾ ਨਕਸ਼ 'ਤੇ ਪੈਂਦਾ ਕਾਲਖ਼ ਦਾ ਪਰਛਾਵਾਂ|
ਕੁਦਰਤ ਦਾ ਦਸਤੂਰ ਹੈ ਆਖਿਰ ਹਰ ਪੱਤਾ ਝੜ ਜਾਂਦੈ,
ਪੱਤਝੜ ਦਾ ਪੈਗ਼ਾਮ ਜਦੋਂ ਵੀ ਲੈ ਕੇ ਆਉਣ ਹਵਾਵਾਂ|
ਜੇ ਰੁੱਖਾਂ ਦਾ ਮਜ਼ਹਬ ਹੁੰਦਾ ਇਹ ਵੀ ਬੰਦਿਆਂ ਵਾਂਗੂੰ,
ਹਿੰਦੂ,ਮੁਸਲਿਮ,ਸਿੱਖ,ਇਸਾਈ,ਪੁਛਕੇ ਕਰਦੇ ਛਾਵਾਂ|
ਟਾਹਣੀ 'ਤੋਂ ਟੁੱਟੇ ਪੱਤਿਆਂ ਦਾ ਚਰਚਾ ਤਾਂ ਚਹੁ ਪਾਸੇ,
ਇਕ ਵੀ ਖ਼ਬਰ ਨਾ ਛਪਦੀ ਕਿੱਥੇ ਤੁਰ ਗਈਆਂ ਨੇ ਛਾਵਾਂ|
ਮੇਰੀ ਮਿੱਟੀ,ਪਾਣੀ,ਧੁੱਪ,ਹਵਾ ਵਿਚ ਜ਼ਹਿਰ ਹੈ ਘੁਲਿਆ,
ਮੈਂ ਭਾਰਤ ਦਾ ਰੁੱਖ ਬਹਾਰਾਂ ਵਿਚ ਵੀ ਸੁਕਦਾ ਜਾਵਾਂ|
ਤੇਰਾ ਤੇ ਰਸਤੇ ਦਾ ਰਿਸ਼ਤਾ ਸੋਚ ਲਵੀਂ ਸੀ ਫਰਜ਼ੀ,
ਝੂਮ-ਝੂਮ ਕੇ ਨਾਲ ਨਾ ਚੱਲੀਆਂ ਜੇਕਰ ਧੁੱਪਾਂ-ਛਾਵਾਂ|
No comments:
Post a Comment