ਜੋ ਅਕਸਰ ਮਹਿਫ਼ਿਲਾਂ ਵਿਚ ਸ਼ੀਸ਼ਿਆਂ ਦੀ ਮੰਗ ਕਰਦਾ ਹੈ|
ਮੁਖੌਟੇ ਲਹਿਣ ਦਾ ਡਰ ਉਸਨੂੰ ਵੀ ਤਾਂ ਤੰਗ ਕਰਦਾ ਹੈ|
ਪਛਾਣੇ ਜਾਣ ਦੀ ਕੋਈ ਗੁੰਜ਼ਾਇਸ਼ ਹੀ ਨਹੀਂ ਛਡਦਾ,
ਮੁਖੌਟਾ ਚਿਹਰੇ ਦਾ ਕੁਝ ਇਸ ਤਰਾਂ ਹੁਣ ਸੰਗ ਕਰਦਾ ਹੈ|
ਤੂੰ ਡਰ ਤੇ ਕਹਿਰ ਦੇ ਚਿੱਤਰ ਬਣਾਉਂਦੈ ਕਿਉਂ ਦੁਮੇਲਾਂ 'ਤੇ,
ਤੁਰਨ ਦੇ ਕਾਫ਼ਲਾ ਰਸਤਾ ਸਫ਼ਰ ਦੀ ਮੰਗ ਕਰਦਾ ਹੈ|
ਤੁਸੀਂ ਜਦ ਰੂਬਰੂ ਹੋਏ ਪਤਾ ਲੱਗ ਜਾਊਗਾ ਖੁਦ ਹੀ,
ਕਿ ਸ਼ੀਸ਼ਾ ਚਿਹਰਿਆਂ ਤੋਂ ਹੋਰ ਕੀ-ਕੀ ਮੰਗ ਕਰਦਾ ਹੈ|
ਢਲੇ ਦਿਨ ਨਾਲ ਉਹ ਵੀ ਨੇਰੀਆਂ ਦੀ ਤਾਣਦੈ ਚਾਦਰ,
ਸੁਬਾ ਤੋਂ ਸ਼ਾਮ ਤੀਕਰ ਧੁੱਪਾਂ ਦਾ ਜੋ ਸੰਗ ਕਰਦਾ ਹੈ|
ਮੁਸੱਵਰ ਮੁਲਕ ਮੇਰੇ ਦੀ ਸਿਆਸਤ ਦਾ ਹੈ ਜਾਦੂਗਰ,
ਬਣਾ ਕੇ ਬਸਤੀਆਂ ਥਾਂ-ਥਾਂ ਜੋ ਪੈਦਾ ਨੰਗ ਕਰਦਾ ਹੈ|
No comments:
Post a Comment