ਕਲਾ ਦੀ ਸਭ ਤੋਂ ਸੂਖਮ ਵੰਨਗੀ ਸਾਹਿਤ ਹੈ|ਸਾਹਿਤ ਦੀ ਸਭ ਤੋਂ ਸੂਖਮ ਵੰਨਗੀ ਹੈ ਕਵਿਤਾ|ਜੇ ਕਵਿਤਾ 'ਚੋਂ ਵੀ ਕੁਝ ਹੋਰ ਸੂਖਮ ਵੇਖਣਾ ਹੋਵੇ ਤਾਂ ਉਹ ਹੈ ਗ਼ਜ਼ਲ|ਦਾਦਰ ਪੰਡੋਰਵੀ ਇਸੇ ਸੂਖਮ ਵਿਧਾ ਦੇ ਲੇਖਕ ਹਨ|
ਆਲ੍ਹਣਿਆਂ ਦੀ ਚਿੰਤਾ ਦਾਦਰ ਦਾ ਦੂਸਰਾ ਗ਼ਜ਼ਲ-ਸੰਗ੍ਰਹਿ ਹੈ|ਦਾਦਰ ਦੀ ਗ਼ਜ਼ਲ ਪਰਪੱਕ ਸ਼ਾਇਰੀ ਦੀ ਮਿਸ਼ਾਲ ਹੈ|ਇਹ ਸ਼ਾਇਰੀ ਇਕੋ ਵੇਲੇ ਸਮਾਜ,ਸਮਾਜ ਵਿਚਲੀਆਂ ਬੁਰਾਈਆਂ,ਇਹਨਾਂ ਤੋਂ ਹੋਣ ਵਾਲੇ ਨੁਕਸਾਨ,ਵਾਤਾਵਰਣ ਦੀ ਲਗਾਤਾਰ ਹੁੰਦੀ ਦੁਰਦਸ਼ਾ ਤੇ ਇਹਨਾਂ ਦੀ ਸਾਂਭ-ਸੰਭਾਲ ਦੀ ਚਿੰਤਾ ਜ਼ਾਹਰ ਕਰਦੀ ਹੈ|ਕਿਤਾਬ ਦਾ ਨਾਂ ਹੀ ਦਾਦਰ ਦੀ ਸਮਾਜਕ ਸੂਝ ਨੂੰ ਪ੍ਰਮਾਣਿਤ ਕਰਦਾ ਹੈ|
ਹਵਾ,ਰੁੱਖ,ਪੰਛੀ,ਆਸਮਾਨ,ਸੂਰਜ,ਦੀਵੇ,ਜੰਗਲ,ਅੱਗ ਤੇ ਪਰਵਾਜ਼ ਦਾਦਰ ਦੇ ਮਨਪਸੰਦ ਸ਼ਬਦ ਹਨ|ਇਹਨਾਂ ਸ਼ਬਦਾਂ ਰਾਹੀਂ ਹੀ ਉਸਨੇ ਕਾਵਿ ਉਡਾਰੀਆਂ ਮਾਰਦਿਆਂ ਸਮਾਜਕ ਸਰੋਕਾਰਾਂ ਤੇ ਮਨੁੱਖਾਂ ਦੇ ਆਪਸੀ ਰਿਸ਼ਤਿਆਂ ਵਿਚਲੀਆਂ ਪਰਤਾਂ ਦੀ ਬਾਤ ਪਾਈ ਹੈ|ਆਪਣੇ ਸ਼ਿਅਰਾਂ ਰਾਹੀਂ ਦਾਦਰ ਨੇ ਇਹਨਾਂ ਪਰਤਾਂ ਅੰਦਰ ਪਈਆਂ ਗੁੰਝਲਾਂ ਨੂੰ ਵੀ ਉਜਾਗਰ ਕੀਤਾ ਹੈ|ਦਾਦਰ ਦੀ ਸ਼ਾਇਰੀ ਮੁਤਾਬਿਕ ਉਸਨੂੰ ਸਮਾਜ 'ਚ ਪੈਦਾ ਹੋਈ ਘੁਟਨ ਤੇ ਖਰਾਬ ਹਵਾ ਦਾ ਅਹਿਸਾਸ ਹੈ ਪਰ ਉਹ ਨਾਲ ਹੀ ਜੀਵਨ ਜਿਉਣ ਲਈ ਹਿੰਮਤ ਅਤੇ ਦਲੇਰੀ ਦੀ ਸ਼ਾਹਦੀ ਵੀ ਭਰਦਾ ਹੈ|ਕਿਤਾਬ ਦਾ ਪਹਿਲਾ ਸ਼ਿਅਰ ਹੀ ਮਨ ਨੂੰ ਛੂ ਲੈਣ ਵਾਲਾ ਹੈ:-
* ਸ਼ੂਕਦੀ ਫਿਰਦੀ ਹੈ ਭਾਵੇਂ ਸ਼ਹਿਰ ਵਿਚ ਪਾਗਲ ਹਵਾ|
ਬੁਝਣ ਦੀ ਚਿੰਤਾ ਨਾ ਕਰ ਤੂੰ,ਉੱਠ ਕੇ ਦੀਵੇ ਜਗਾ|
ਦਾਦਰ ਦੀ ਸ਼ਾਇਰੀ 'ਚ ਵੀ ਸੁਰਜੀਤ ਪਾਤਰ ਵਾਂਗ ਕੁਦਰਤ ਪ੍ਰੇਮ ਉਮੜ ਪੈਂਦਾ ਹੈ|ਉਸਦੀ ਹਰ ਗ਼ਜ਼ਲ 'ਚ ਕੁਦਰਤ ਦੇ ਰੰਗ ਨਜ਼ਰ ਆਉਂਦੇ ਹਨ|ਉਹ ਭਾਵੇਂ ਰੂਮਾਨੀ ਹੋਵੇ ਤੇ ਭਾਵੇਂ ਸਮਾਜਿਕ ਸਰੋਕਾਰਾਂ ਦੀ ਗੱਲ ਕਰਨ ਵਾਲੀ:-
* ਚੋਗਾ ਚੁਗਕੇ ਆਲ੍ਹਣਿਆਂ ਨੂੰ ਜਦੋਂ ਪਰਿੰਦੇ ਪਰਤਣਗੇ|
ਜੰਗਲ ਨੂੰ ਅਗ ਲੱਗੀ ਤਕ ਕੇ,ਝੁਰਣਗੇ ਤੇ ਤੜਪਣਗੇ|
* ਪੰਛੀ, ਅੰਬਰ, ਨਦੀਆਂ,ਪਰਬਤ,ਬਿਰਖ਼,ਸਮੁੰਦਰ,ਚੰਦਰਮਾ,
ਜੇਕਰ ਦਿਲ ਵਿਚ ਉਲਫ਼ਤ ਹੋਈ,ਹੋਰ ਵੀ ਸੋਹਣੇ ਲੱਗਣਗੇ|
* ਟੌਰਚ, ਦੀਵੇ, ਮੋ'ਬੱਤੀ, ਘਾਹ-ਫੂਸ, ਮਿਸ਼ਾਲਾਂ ਲੱਭ ਰੱਖੋ,
ਸੂਰਜ ਅਸਤ ਰਿਹਾ ਹੈ ਜਲਦੀ,ਨੇਰੇ ਦੇ ਪਰ ਨਿਕਲਣਗੇ|
ਜਿਵੇਂ ਸ਼ੁਰੂਆਤੀ ਦੌਰ 'ਚ ਕਿਹਾ ਜਾਂਦਾ ਸੀ ਕਿ ਪੰਜਾਬੀ ਵਰਗੀ ਬੋਲੀ ਵਿਚ ਗ਼ਜ਼ਲ ਵਰਗੀ ਸੂਖ਼ਮ ਸਿਨਫ਼ ਦੀ ਸਿਰਜਣਾ ਮੁਸ਼ਕਲ ਹੈ|ਸਾਡੇ ਕਈ ਨਾਮਵਰ ਸ਼ਾਇਰਾਂ ਨੇ ਇਸ ਮਿੱਥ ਨੂੰ ਤੋੜਿਆ ਹੀ ਨਹੀਂ ਬਲਕਿ ਨਵੀਂ ਦਿਸ਼ਾ ਵੀ ਦਿੱਤੀ ਹੈ|ਦਾਦਰ ਵੀ ਉਸੇ ਰਵਾਇਤ ਦਾ ਸ਼ਾਇਰ ਹੈ|ਦਾਦਰ ਦੀ ਸ਼ਾਇਰੀ ਆਲ੍ਹਣਿਆਂ ਇਕ ਵਾਰ ਮੁੜ ਅਹਿਸਾਸ ਹੋਇਆ ਹੈ ਕਿ ਪੰਜਾਬੀ 'ਚ ਸਚਮੁਚ ਗ਼ਜ਼ਲ ਲਿਖੀ ਜਾ ਰਹੀ ਹੈ
(ਅਸ਼ੋਕ ਅਜਨਬੀ)
No comments:
Post a Comment