ਦਾਦਰ ਪੰਡੋਰਵੀ ਨਵੀਂ ਪੀੜ੍ਹੀ ਦੇ ਗ਼ਜ਼ਲਕਾਰਾਂ ਵਿਚ ਇਕ ਵਿਸ਼ੇਸ਼ ਨਾਂ ਹੈ ਜਿਸਨੇ ਗ਼ਜ਼ਲ ਵਿਚ ਆਪਣੀ ਵਿਲੱਖਣ ਪਛਾਣ ਬਣਾਈ ਹੈ|ਦਾਦਰ ਪੰਡੋਰਵੀ ਨੇ ਆਲ੍ਹਣਿਆਂ ਦੀ ਚਿੰਤਾ ਵਿਚ ਜਿੱਥੇ ਸਮਾਜਕ ਤੌਰ ਤੇ ਆਪਣਾ ਫਰਜ਼ ਪਛਾਣਦਿਆਂ ਫ਼ਿਕਰਮੰਦੀ ਦਾ ਇਜ਼ਹਾਰ ਕੀਤਾ ਹੈ ਕਿ ਮਾਨਵੀ ਕਦਰਾਂ-ਕੀਮਤਾਂ ਖੁਰਦੀਆਂ ਭੁਰਦੀਆਂ ਜਾ ਰਹੀਆਂ ਹਨ,ਸਰਬ ਸਾਂਝੀਵਾਲਤਾ ਦਾ ਸੰਕਲਪ ਖੇਰੂੰ-ਖੇਰੂੰ ਹੋ ਚੁੱਕਾ ਹੈ ਅਤੇ ਸਵਾਰਥੀ ਬਿਰਤੀ ਆਪਣੇ ਸਵਾਰਥ ਲਈ ਕਿਸੇ ਵੀ ਘਿਨੌਣੇ ਕਾਰਜ ਨੂੰ ਅੰਜਾਮ ਦੇ ਸਕਦੀ ਹੈ|ਭਾਵੇਂ ਰਿਸ਼ਤਿਆਂ ਦੀ ਬਲੀ ਚੜ੍ਹ ਰਹੀ ਹੋਵੇ|ਭਾਵੇਂ ਰਾਜਨੀਤਕ,ਸੱਭਿਆਚਰਕ ਤੇ ਭ੍ਰਸ਼ਿਟਾਚਾਰ ਹੋਵੇ|ਦਾਦਰ ਦੀ ਅੱਖ ਕੋਲੋਂ ਛੁਪਿਆ ਨਹੀਂ ਰਹਿ ਸਕਦਾ|ਦਾਦਰ ਵਿਗੜਦੇ ਮੌਸਮ ਪ੍ਰਤੀ ਵੀ ਫਿਕਰਮੰਦ ਹੈ|ਉਹ ਸਮਾਜਕ ਅਤੇ ਵਾਤਾਵਰਣ ਚਿਹਨਾਂ ਨੂੰ ਇਕ ਰੂਪ ਕਰਕੇ ਆਪਣੀ ਗ਼ਜ਼ਲ ਵਿਚ ਬੜੇ ਸਹਿਜ ਰੂਪ ਵਿਚ ਕਹਿ ਦਿੰਦਾ ਹੈ|
* ਪੁੱਟ ਕੇ ਸਤਬਰਗ, ਗੈਂਦੇ ਬੀਜ ਲਏ ਕੈਕਟਸ ਅਸੀਂ,
ਦੋਸ਼ ਕਿਸਦੈ,ਹੁਣ ਨਾ ਜੇ ਵਿਹੜੇ 'ਚ ਆਈਆਂ ਤਿਤਲੀਆਂ|
ਸਾਦੀ ਭਾਸ਼ਾ ਵਿਚ ਬਗੈਰ ਕਿਸੇ ਵਲ਼ ਫਰੇਬੀਆਂ ਤੇ ਬਗ਼ੈਰ ਆਪਣੇ ਵਿਚਾਰਾਂ ਤੇ ਗਲਾਫ਼ ਚਾੜ੍ਹਿਆਂ ਦਾਦਰ ਆਪਣੀ ਗੱਲ ਕਹਿੰਦਾ ਹੈ|
ਇਸ ਪੁਸਤਕ ਵਿਚ ਆਲ੍ਹਣੇ ਦਾ ਚਿਹਨ ਵੀ ਸਮਾਜਕ ਕਦਰਾਂ-ਕੀਮਤਾਂ ਦੇ ਗੁਆਚਣ ਨੂੰ ਸਾਕਾਰ ਕਰਦਾ ਹੈ ਜੋ ਇਸ ਪੁਸਤਕ ਦੇ ਆਰ-ਪਾਰ ਫੈਲਿਆ ਹੋਇਆ ਹੈ|ਦਾਦਰ ਪੰਡੋਰਵੀ ਦੀ ਚਿੰਤਾ ਅੱਜ ਦੇ ਸਮਾਜ ਨੂੰ ਉੱਚ ਕਦਰਾਂ ਦੇ ਬੀਜ ਬੀਜਣ ਲਈ ਪ੍ਰੇਰਦੀ ਹੈ|
* ਸਿਵੇ ਦੀ ਰਾਖ ਬਣਦੇ ਤਕ ਸੁਆਹ ਹੋ ਜਾਣਗੇ ਰਿਸ਼ਤੇ,
ਜਿਹਨਾਂ ਦਾ ਕੋਈ ਵੀ ਸੰਬੰਧ ਰੂਹਾਂ ਨਾਲ ਨਹੀਂ ਹੈ|
ਦਾਦਰ ਇਸ ਗ਼ਜ਼ਲਾਂ ਦੀ ਕਿਤਾਬ ਨਾਲ ਉਹ ਅਰਥਵਾਨ ਗ਼ਜ਼ਲਕਾਰਾਂ ਦੀ ਕਤਾਰ ਵਿਚ ਆ ਖਲੋਇਆ ਹੈ ਜੋ ਪੰਜਾਬੀ ਗ਼ਜ਼ਲ ਦਾ ਮੂੰਹ-ਮੁਹਾਂਦਰਾ ਸਵਾਰ ਰਹੇ ਹਨ|
(ਸਰਦੂਲ ਸਿੰਘ ਔਜਲਾ)
No comments:
Post a Comment