ਇਸ ਸਦੀ ਦਾ ਇਹ ਵਚਿੱਤਰ ਤੇ ਭਿਆਨਕ ਹਾਦਸਾ ਹੈ|
ਮੋਢਿਆਂ 'ਤੇ ਸਿਰ ਤਾਂ ਨੇ ਪਰ ਸੋਚ ਇਸ ਚੋਂ ਲਾਪਤਾ ਹੈ|
ਰਸਤਿਆਂ ਦਾ ਬੋਝ ਚੁੱਕੀ ਹੋ ਗਏ ਕੁੱਬੇ ਮੁਸਾਫ਼ਿਰ,
ਮੰਜ਼ਿਲਾਂ-ਪੈਰਾਂ ਵਿਚਾਲੇ ਫਿਰ ਵੀ ਲੰਬਾ ਫ਼ਾਸਿਲਾ ਹੈ|
ਮੈਂ ਇਹਨਾਂ ਵਿਚ ਵੀ ਛੁਪੇ ਹੋਏ ਸਮੁੰਦਰ ਵੇਖਦਾ ਹਾਂ,
ਜੋ ਤੁਹਾਡੇ ਵਾਸਤੇ ਕੁਝ ਤੁਪਕਿਆਂ ਦਾ ਕਾਫ਼ਿਲਾ ਹੈ|
"ਤੂੰ ਕਿਤੇ ਫਿਰ ਸਾਗਰਾਂ ਦੀ ਭਾਲ ਵਿਚ ਨਾ ਨਿਕਲ ਜਾਵੀਂ",
ਰੇਤ ਦਾ ਕਣ-ਕਣ ਪਿਆਸਾ ਇਕ ਨਦੀ ਨੂੰ ਆਖਦਾ ਹੈ|
ਆਰ ਵੀ ਤੇ ਪਾਰ ਵੀ ਨਿਤ ਖੇਡਦੀ ਖੇਡਾਂ ਸਿਆਸਤ,
ਤਰਕ ਵੀ ਦਿੰਦੀ ਗੁਆਂਢੀ ਦਾ ਬੜਾ ਹੀ ਆਸਰਾ ਹੈ|
ਮੇਰੀਆਂ ਵਿਰਲਾਂ 'ਚੋਂ ਕਿਸਨੇ ਝਾਕਿਆ ਹੈ,ਦੇਰ ਮਗਰੋਂ,
ਨੇ੍ਰ ਹੋਈ ਜ਼ਿੰਦਗੀ ਵਿਚ ਪਰਤ ਆਇਆ ਚਾਨਣਾ ਹੈ|
ਗੱਲ ਹੈ ਐਸੀ ਵੀ ਕਿਹੜੀ ਜੋ ਦਿਸੀ ਤੈਨੂੰ ਨਗਨਤਾ,
ਕੱਚ ਦੀ ਹੈ ਉਮਰ ਉਸਦੀ ਸ਼ੀਸ਼ਾ ਉਸਨੇ ਪਹਿਨਿਆ ਹੈ|
ਮੇਰੇ ਕਰਕੇ ਫ਼ੁੱਲਾਂ ਨੂੰ ਤਕਲੀਫ਼ ਹੋਈ ਜਾਣਿਆ ਜਦ,
ਤੋੜਿਆ ਟਾਹਣੀ ਤੋਂ ਇਕ ਪੱਤਾ ਵੀ ਲੂੰ-ਲੂੰ ਰੜਕਦਾ ਹੈ|
ਸ਼ਹਿਰ ਦੇ ਹਾਲਾਤ ਮੇਰੇ ਬੋਲਿਆਂ ਹਨ ਤਲਖ਼ ਹੋਏ,
ਕੁਝ ਹਵਾ ਦੇ ਸ਼ੋਰ ਅੰਦਰ ਅਣਕਿਹਾ ਵੀ ਰਲ ਗਿਆ ਹੈ|
ਸੂਤ ਕੇ ਸਾਹ ਸਾਰੇ ਦਾ ਸਾਰਾ ਹੀ ਜੰਗਲ ਸੁਣਨ ਲੱਗਾ,
ਸੰਘਣੇ ਰੁੱਖਾਂ ਦੀ ਛਾਂਵੇਂ ਕੌਣ ਦਸਤੇ ਘੜ ਰਿਹਾ ਹੈ|
ਹੋਵੀਂ ਨਾ ਸ਼ਾਮਿਲ ਤੂੰ ਦਾਦਰ ਮੁਹਰਿਆਂ ਦੀ ਭੀੜ ਅੰਦਰ,
ਫਰਜ਼ ਰਾਜੇ-ਰਾਣੀਆਂ ਲਈ ਬਸ ਜਿਹਨਾਂ ਦਾ ਹਾਰਨਾ ਹੈ|
No comments:
Post a Comment