Tuesday, December 6, 2011

(ਗ਼ਜ਼ਲ-52) ਫ਼ਿਜਾਵਾਂ ਨੂੰ ਸੁਰਾਂ ਦੀ ਤਾਨ ਤੋਂ ਮਹਿਰੂਮ ਰੱਖਣਾ











ਫ਼ਿਜਾਵਾਂ ਨੂੰ ਸੁਰਾਂ ਦੀ ਤਾਨ ਤੋਂ ਮਹਿਰੂਮ ਰੱਖਣਾ,

ਜੋ ਵੱਜੂ ਤਾਨ ਵਿਚ ਉਹ ਸਾਜ਼ ਹੀ ਤੁੜਵਾ ਦਿਆਂਗੇ|

ਜਦੋਂ ਮੌਲਣਗੇ ਰੁਖ,ਮਹਿਕਣਗੇ ਫੁਲ ਉਸ ਵਕਤ ਆਕੇ,

“ਕਿ ਹੁਣ ਪਤਝੜ੍ਹ ਦੀ ਵਾਰੀ ਹੈ” ਇਹ ਹੋਕਾ ਲਾ ਦਿਆਂਗੇ|


ਪਰਿੰਦੇ ਪਿੰਜਰੀਂ ਪਾਉਣੇ ਨੇ,ਪਰ ਵੀ ਕੁਤਰਨੇ ਹਨ,

ਉਡਾਨਾਂ ਦੀ ਹਰਿਕ ਸੰਭਾਵਨਾ ਹੈ ਖਤਮ ਕਰਨੀ,

ਜਰੂਰਤ ਪੈ ਗਈ ਤਾਂ ਬੋਟ ਵੀ ਅਗਵਾ ਕਰਾਂਗੇ,

ਤੇ ਲਾਹ ਕੇ ਪਿੰਜਰਿਆਂ ਵਿਚ ਆਲ੍ਹਣੇ ਟੰਗਵਾ ਦਿਆਂਗੇ|


ਐ ਨਾਰੀ ਵਿਸ਼ਵ-ਮੰਡੀ ਦੀ ਬਣਾਉਣਾ ਸ਼ੋਭਾ ਤੈਨੂੰ,

ਗਲੋਬਲ-ਪਿੰਡ ਦੇ ਰੱਥ ਦੀ ਕਰਾਉਣੀ ਹੈ ਸਵਾਰੀ,

ਕਰਾਂਗੇ ਤਾਜ਼ ਵੀ ਸਿਰ ‘ਤੇ ਸੁਸ਼ੋਭਿਤ ਮਗਰੋਂ,

ਪਹਿਲਾਂ-ਬਦਨ ਤੇਰੇ ਤੇ ਬਸਤਰ ਸ਼ੀਸ਼ਿਆਂ ਦੇ ਪਾ ਦਿਆਂਗੇ|


ਅਸੀਂ ਹਿਟਲਰ,ਅਸੀਂ ਔਰੰਗਜੇਬਾਂ ਦੀ ਨਸਲ ਚੋਂ,

ਬੜਾ ਖ਼ਤਰਾ ਹੈ ਸਾਨੂੰ ਬੁੱਧ,ਨਾਨਕ,ਰਾਮ ਕੋਲੋਂ,

ਪਤਾ ਲੱਗੇ ਕੋਈ ਈਸਾ ਜਾਂ ਮੀਰਾਂ ਹੈ ਉਸੇ ਪਲ,

ਪਿਆਲੇ ਜ਼ਹਿਰ ਦੇ ਤੇ ਸੂਲੀਆਂ ਭਿਜਵਾ ਦਿਆਂਗੇ|


ਤੁਹਾਡੀ ਕੁੰਭਕਰਨੀ ਨੀਂਦ ਅੱਖ ਪੁੱਟੇ ਕਦੀ ਜਾਂ,

ਕਿਸੇ ਬੱਚੇ ਦੇ ਵਾਂਗੂੰ ਉਠਦਿਆਂ ਹੀਂ ਮੰਗ ਰੱਖੇ,

ਕਿਸੇ ਰਾਜੇ ਤੇ ਰਾਣੀ ਦੀ ਕੋਈ ਝੂਠੀ ਕਹਾਣੀ,

ਸੁਣਾਕੇ ਇਸਨੂੰ ਆਹਰੇ ਨੀਂਦ ਦੇ ਫਿਰ ਲਾ ਦਿਆਂਗੇ|


ਨਸ਼ੇ,ਹਥਿਆਰ,ਫ਼ਿਲਮਾਂ,ਗੇਂਦਾਂ-ਬੱਲੇ ਵੇਚਣੇ ਹਨ,

ਸਕੂਲਾਂ ਤੋਂ ਹੈ ਕੋਹਾਂ ਦੂਰ ਰੱਖਣਾ ਬੱਚਿਆਂ ਨੂੰ,

ਪੜਾਉਣਾਂ ਚਾਹੁਣ ਵੀ ਜੇਕਰ ਪੜ੍ਹਾ ਨਾ ਸਕਣ ਮਾਪੇ,

ਸਿਰਾਂ ਤੇ ਬੋਝ ਫੀਸਾਂ ਦੇ ਹੀ ਐਨੇ ਪਾ ਦਿਆਂਗੇ,


ਇਹ ਮਤ ਸੋਚੋ ਬਣਾਵਾਂਗੇ ਅਸੀਂ ਕੋਈ ਰਾਮ-ਮੰਦਰ,

ਲਟਕਦੇ ਮਸਲਿਆਂ ਦਾ ਹੈ ਬੜਾ ਹੀ ਲਾਭ ਸਾਨੂੰ-

ਸਿਆਸਤ ਵਾਸਤੇ ਤੋੜੀ ਸੀ ਮਸਜਿਦ ਬਾਬਰੀ ਕੱਲ੍ਹ,

ਪਈ ਜੇ ਲੋੜ ਮੰਦਰ,ਗੁਰਦੁਆਰੇ ਢਾਅ ਦਿਆਂਗੇ|

No comments:

Post a Comment