Wednesday, December 7, 2011

(ਗ਼ਜ਼ਲ-51) ਬਸਤੀਆਂ ਉਸਰਨ ਦੀ ਥਾਂਵੇਂ ਘਰ ਬਣੇ ਖੰਡਰ ਮਿਲੇ

ਬਸਤੀਆਂ ਉਸਰਨ ਦੀ ਥਾਂਵੇਂ ਘਰ ਬਣੇ ਖੰਡਰ ਮਿਲੇ|
ਮੰਗ ਤਾਂ ਸੀ ਬਾਰਿਸ਼ਾਂ ਦੀ ਔੜ ਦੇ ਮੰਜ਼ਰ ਮਿਲੇ|

ਹਰ ਗਲੀ ਹਰ ਮੌੜ ਤੇ ਹੀ ਸਲਤਨਤ ਹੈ ਖ਼ੌਫ਼ ਦੀ,
ਸ਼ੀਸ਼ਿਆਂ ਦੇ ਕੋਲ ਰੱਖੇ ਬੇਬਹਾ ਪੱਥਰ ਮਿਲੇ|

ਚੁੱਪ ਮੇਰੀ ਦਾ ਸਦਾ ਕਰਦੇ ਰਹੇ ਉਹ ਤਰਜੁਮਾ,
ਪਰ ਨਾ ਸੀਨੇ ਵਿਚ ਉਹਨਾਂ ਨੂੰ ਚੀਖ਼ਦੇ ਅੱਖ਼ਰ ਮਿਲੇ|

ਮੀਲ-ਪੱਥਰ ਰਸਤਿਆਂ 'ਚੋਂ ਹੋ ਗਏ ਜਦ ਲਾ-ਪਤਾ,
ਕਾਫਿ਼ਲੇ ਦੇ ਰਾਹੀਂ ਕਰਦੇ ਰਹਿਬਰੀ ਕੰਕਰ ਮਿਲੇ|

ਸਾਡੇ ਪੈਰਾਂ ਨੂੰ ਤਾਂ ਜ਼ੰਜ਼ੀਰਾਂ ਦੀ ਖਣ-ਖਣ ਪੋਹ ਗਈ,
ਕਿਸ ਤਰਾਂ ਪਰਵਾਨੀਏ ਜੇ ਛਣਕਦੀ ਝਾਂਜਰ ਮਿਲੇ|

ਦਰਦ ਉਹ ਜਿਸਨੂੰ ਨਹੀਂ ਹੰਝੂਆਂ ਦੀ ਪਰਿਭਾਸ਼ਾ ਮਿਲੀ,
ਨਗ਼ਮਿਆਂ ਵਿਚ ਸ਼ਬਦਾਂ ਦੇ ਉਹ ਪਹਿਨਕੇ ਬਸਤਰ ਮਿਲੇ|

ਚੰਦ ਜਾਂ ਸੂਰਜ ਬਣਾ ਇਹ ਤਾਂ ਮੇਰੀ ਚਾਹਤ ਨਹੀਂ,
ਜੇ ਮਿਲੇ ਤਾਂ ਜੁਗਨੂੰ ਜਿੰਨੀ ਰੌਸ਼ਨੀ ਦਾ ਵਰ ਮਿਲੇ|

ਸ਼ੀਸ਼ਿਆਂ ਦੇ ਰੂਬਰੂ ਹੋਇਆ ਨਾ ਕਰ ਤੂੰ ਸ਼ਾਮ ਨੂੰ,
ਫਿਰ ਨਾ ਕਹਿਣਾ ਸੁਪਨਿਆਂ ਵਿਚ ਰਾਤ-ਭਰ ਪੱਥਰ ਮਿਲੇ|

No comments:

Post a Comment