ਤੂੰ ਮੇਰੀ ਪਰਵਾਜ਼ ਨੂੰ ਨਿਤ ਪਿੰਜਰੇ ਵਾਂਗੂੰ ਨਾ ਮਿਲ|
ਸਾਜ਼ਿਸ਼ੀ ਠਾਹਰਾਂ 'ਚ ਲੁਕਵੇਂ ਆਸਰੇ ਵਾਂਗੂੰ ਨਾ ਮਿਲ|
ਜੇ ਮਿਟਾ ਹੋਣੇ ਨਹੀਂ ਤਾਂ ਫ਼ਾਸਿਲੇ ਪੈਦਾ ਨਾ ਕਰ,
ਤੂੰ ਅਚਾਨਕ ਮਿਲ ਮਗ਼ਰ ਇਉਂ ਹਾਦਸੇ ਵਾਂਗੂੰ ਨਾ ਮਿਲ|
ਦੂਰ ਹੈ ਮੰਜ਼ਿਲ ਬੜੀ ਰਸਤੇ 'ਚ ਕਠਿਨਾਈਆਂ ਬਹੁਤ,
ਹੈ ਅਜੇ ਆਰਾਮ ਕਿੱਥੇ ਬਿਸਤਰੇ ਵਾਂਗੂੰ ਨਾ ਮਿਲ|
ਹੈ ਤੇਰੇ ਜ਼ਿੰਮੇ ਤੂੰ ਹੀਂ ਮੰਜ਼ਿਲ ਤੇ ਲਾਉਣੈ ਕਾਫ਼ਿਲਾ,
ਮਿਲ ਤੂੰ ਚਾਨਣ ਵਾਂਗ ਰਾਹ ਵਿਚ ਧੁੰਦਲਕੇ ਵਾਂਗੂੰ ਨਾ ਮਿਲ|
ਆਪਣੇ ਹੱਕ ਵਾਸਤੇ ਹਿੰਮਤ ਨਹੀਂ ਜੇ ਲੜਨ ਦੀ,
ਹਰ ਖਿਡਾਉਣੇ ਤੇ ਵੀ ਬੱਚੇ ਵਿਲਕਦੇ ਵਾਂਗੂੰ ਨਾ ਮਿਲ|
ਸਾਡੀਆਂ ਨਾੜਾਂ ਦਾ ਜੇਕਰ ਖ਼ੂਨ ਠਰਿਐ,ਰਹਿਣ ਦੇ,
ਇਸ ਦੀ ਗਰਮਾਹਟ ਲਈ ਬਲਦੇ ਸਿਵੇ ਵਾਂਗੂੰ ਨਾ ਮਿਲ|
ਕਤਰੇ-ਕਤਰੇ ਨਾਲ ਉਹ ਆਖ਼ਿਰ ਸਮੁੰਦਰ ਹੋ ਗਿਆ,
ਹੁਣ ਨਦੀ ਨੂੰ ਆਖਦਾ ਹੈ ਬੁਲਬੁਲੇ ਵਾਂਗੂੰ ਨਾ ਮਿਲ|
No comments:
Post a Comment