ਚੋਗਾ ਚੁਗਕੇ ਆਲ੍ਹਣਿਆਂ ਨੂੰ ਜਦੋਂ ਪਰਿੰਦੇ ਪਰਤਣਗੇ|
ਜੰਗਲ ਨੂੰ ਅੱਗ ਲੱਗੀ ਤਕ ਕੇ ਝੂਰਣਗੇ ਤੇ ਤੜਪਣਗੇ|
ਪੰਛੀ,ਅੰਬਰ,ਨਦੀਆਂ,ਪਰਬਤ,ਬਿਰਖ਼,ਸਮੁੰਦਰ,ਚੰਦਰਮਾ,
ਜੇਕਰ ਦਿਲ ਵਿਚ ਉਲਫ਼ਤ ਹੋਈ ਹੋਰ ਵੀ ਸੋਹਣੇ ਲੱਗਣਗੇ|
ਕਰ ਚੁੱਕੇ ਹਾਂ ਅਸੀਂ ਇਰਾਦਾ ਬਸ ਹੁਣ ਤਾਂ ਘਰ ਸਿਰਜਣ ਦਾ,
ਵੇਖਾਂਗੇ ਮੁੱਠੀ 'ਚੋਂ ਕਿੱਦਾਂ ਰੇਤੇ ਦੇ ਕਣ ਖਿਸਕਣਗੇ|
ਅੱਜ ਜਿਹਨਾਂ ਤੋਂ ਸਾਗਰ ਬਣਨ ਦੀ ਹਿੰਮਤ ਨਹੀਂ ਜੁਟਾ ਹੋਈ,
ਹੋਂਦ ਪਿਆਸੀ ਲੈ ਕੇ ਕਲ ਨੂੰ ਸਹਿਰਾ-ਸਹਿਰਾ ਭਟਕਣਗੇ|
ਅੰਬਰ ਵਿਚ ਪਰਵਾਜ਼ ਦਾ ਸੁਪਨਾ ਸੰਭਵ ਨਹੀਂ ਹੈ ਜਦ ਤੀਕਰ,
ਮੁਫ਼ਤ 'ਚ ਮਿਲਦੀ ਚੂਰੀ ਦਾ ਮੋਹ ਪੰਛੀ ਹੀ ਨਾ ਛੱਡਣਗੇ|
ਤੇਰੀ ਮੰਜ਼ਿਲ ਦੇ ਰਸਤੇ ਵਿਚ ਨਖ਼ਲਿਸਤਾਨ ਵੀ ਪੈਂਦਾ ਹੈ,
ਜਿੱਥੇ ਛਾਂਵਾਂ ਦੇ ਨਾਂ 'ਤੇ ਬਸ ਤੈਨੂੰ ਅਕ ਹੀ ਲੱਭਣਗੇ|
ਟੌਰਚ,ਦੀਵੇ,ਮੋ'ਬੱਤੀ,ਘਾਹ-ਫੂਸ,ਮਿਸ਼ਾਲਾਂ ਲੱਭ ਰੱਖੋ,
ਸੂਰਜ ਅਸਤ ਰਿਹਾ ਹੈ ਲੋਕੋ ਨੇਰੇ ਦੇ ਪਰ ਨਿਕਲਣਗੇ|
No comments:
Post a Comment