ਪਰਦਿਆਂ ਦਾ ਸਰਕਣਾ ਵੀ ਤਾਂ ਸਦਾ ਦਾਖ਼ਿਲ ਰਿਹਾ|
ਦੋਸ਼ ਲੱਗੀ ਅੱਗ ਦਾ ਕਿਉਂ ਦੀਵੇ ਨੂੰ ਹੀ ਮਿਲ ਰਿਹਾ|
ਸ਼ਹਿਰ ਵਿਚ ਸ਼ੀਸ਼ਾਗਰੀ ਸੌਖੀ ਨਹੀਂ ਇਸ ਹਾਲ ਵਿਚ,
ਹਰ ਬਸ਼ਿੰਦਾ ਹੱਥ ਵਿਚ ਪੱਥਰ ਉਠਾਈ ਮਿਲ ਰਿਹਾ|
ਦੂਰ ਤਕ ਬਣਕੇ ਬਰੇਤੀ ਵਿਛ ਗਈ ਉਹ ਝੀਲ,ਪਰ
ਕਾਫ਼ਿਲੇ ਦੀ ਬੇਵਸੀ ਤੇ ਸਿਸਕਦਾ ਸਾਹਿਲ ਰਿਹਾ|
ਘੋਗੇ-ਸਿੱਪੀਆਂ ਚੁਗਦਿਆਂ ਹੀਂ ਬੀਤ ਚੱਲੀ ਜ਼ਿੰਦਗੀ,
ਸਾਗਰਾਂ ਦੇ ਨਾਲ ਰਹਿ ਕੇ ਵੀ ਇਹੋ ਹਾਸਿਲ ਰਿਹਾ|
ਗੀਤ ਬੁੱਲਾਂ 'ਤੇ ਸਜਾ ਕੇ ਕਿਸ ਤਰਾਂ ਕਰਦੇ ਸਫ਼ਰ,
ਹਾਦਸਾ ਰਸਤੇ ਦੇ ਹਰ ਕੰਕਰ 'ਚ ਜਦ ਸ਼ਾਮਿਲ ਰਿਹਾ|
ਕਰ ਗਿਆ ਮਜਬੂਰ ਉਸਨੂੰ ਖ਼ੁਦਕੁਸ਼ੀ ਦੇ ਵਾਸਤੇ,
ਬੁਜ਼ਦਿਲੀ ਤਾਂ ਹੈ ਇਹ ਪਰ ਮਾਹੌਲ ਵੀ ਕਾਤਿਲ ਰਿਹਾ|
ਕੀਮਤਾਂ ਤੇ ਸੌਦਿਆਂ ਦੇ ਦੌਰ ਵਿਚ ਉਹ ਕੌਣ ਸੀ,
ਸ਼ਹਿਰ ਦੀ ਮੰਡੀ 'ਚ ਵੀ ਜੋ ਸਿਰਜਦਾ ਮਹਿਫ਼ਿਲ ਰਿਹਾ|
ਚੁਪ ਹਾਂ ਅਜਕਲ ਅਸੀਂ ਦਫ਼ਤਰ 'ਚ ਫਾਇਲਾਂ ਦੀ ਤਰਾਂ,
ਘਰ 'ਚ ਵੀ ਮਾਹੌਲ ਹੁਣ ਨਾ ਰਹਿਣ ਦੇ ਕਾਬਿਲ ਰਿਹਾ|
No comments:
Post a Comment