ਇਹ ਨਾ ਕਹਿ ਤੂੰ ਭੁਲ ਗਈ ਹੈ ਅਰਥਾਂ ਨੂੰ ਤਹਿਜ਼ੀਬ|
ਤੇਰੇ ਤੋਂ ਹੀ ਲਫ਼ਜ਼ਾਂ ਨੂੰ ਦੇ ਹੁੰਦੀ ਨਾ ਤਰਤੀਬ|
ਸ਼ਹਿਰ ਦੇ ਧੂੰਏਂ ਨੂੰ ਤਾਂ ਤੇਰੀ ਮਿਣਦੀ ਨਹੀਂ ਜ਼ਰੀਬ|
ਹਰ ਵਾਰੀ ਮਾਪਣ ਤੁਰ ਪੈਦੈਂ ਜੰਗਲ ਦੀ ਤਹਿਜ਼ੀਬ|
ਧੌਣਾਂ 'ਤੇ ਚਿਪਕਾ ਆਏ ਨੇ ਹਸਦੇ ਹੋਏ ਸੀਸ,
ਸ਼ਹਿਰ ਦੀ ਨਾਜ਼ੁਕ ਹਾਲਤ ਉੱਤੇ ਪਰਦੇ ਪਾਉਣ ਤਬੀਬ|
ਜੇਕਰ ਉਹਨਾਂ ਦੇ ਕੋਲ ਨਹੀਂ ਹਨ ਆਲੀਸ਼ਾਨ ਮਕਾਨ,
ਆਲ੍ਹਣਿਆਂ ਦੇ ਪੰਛੀ ਖ਼ੁਦ ਨੂੰ ਲੈਂਦੇ ਸਮਝ ਗਰੀਬ|
ਹੁਣ ਤਾਂ ਸੜਿਆਂ ਆਲ੍ਹਣਿਆਂ ਲਈ ਹਾਅ ਦਾ ਨਾਅਰਾ ਮਾਰ,
ਜੰਗਲ ਦੀ ਅੱਗ ਆ ਪਹੁੰਚੀ ਹੈ ਹੁਣ ਤਾਂ ਬਹੁਤ ਕਰੀਬ|
No comments:
Post a Comment