ਸਵੇਰੇ ਤਕ ਚਿਰਾਗ਼ਾਂ ਨੂੰ ਮਸਾਂ ਕੰਧਾਂ 'ਤੇ ਰੱਖਣਗੇ|
ਅਸੰਭਵ ਜਾਪਦੈ ਲੋਕੀ ਘਰਾਂ 'ਚੋਂ ਨੇਰ ਕੱਢਣਗੇ|
ਅਗਰ ਇਸ ਵਾਰ ਪਿੰਜਰੇ ਤੋੜ ਨਾ ਹੋਏ ਤਾਂ ਕੀ ਹੋਇਆ,
ਬਣਾ ਹਥਿਆਰ ਚੁੰਝਾਂ ਨੂੰ ਪਰਿੰਦੇ ਫੇਰ ਪਰਤਣਗੇ|
ਅਸੀਂ ਹਰ ਵਸਤ ਪਿੰਡਾਂ ਦੀ ਫੜਾ ਦਿੱਤੀ ਹੈ ਸ਼ਹਿਰਾਂ ਨੂੰ,
ਕੀ ਦੱਸਾਂਗੇ ਜੇ ਬੱਚੇ ਪਿੰਡ ਦੀ ਪਹਿਚਾਣ ਪੁੱਛਣਗੇ|
ਉਹਨੀਂ ਤਾਰਾਂ ਨੂੰ ਢਿੱਲੀਆਂ ਛੱਡ ਕੇ ਗਲਤੀ ਸੀ ਕੀਤੀ,ਪਰ
ਨਕਾਰਾਂ ਸਾਜ਼ ਹੋ ਜਾਣੇ ਨੇ ਜੇ ਹੁਣ ਹੋਰ ਕੱਸਣਗੇ|
ਮੁਹਾਰਿਤ ਖ਼ੂਬ ਆਉਂਦੀ ਹੈ ਉਹਨੂੰ ਚਿਹਰਾ ਬਦਲਣੇ ਦੀ,
ਸਮਾਂ ਆਇਆ ਤਾਂ ਲੋਕੀ ਵੀ ਮੁਖੌਟਾ ਲਾਹ ਹੀ ਸੁੱਟਣਗੇ|
ਉਹਨਾਂ ਨੂੰ ਮੈਂ ਸਮੁੰਦਰ ਆਖਿਆ ਤਾਂ ਇਹ ਸਮਝ ਬੈਠੇ,
ਉਹ ਮੇਰੀ ਹੋਂਦ ਦੀ ਇਕ ਬੂੰਦ ਨੂੰ ਵੀ ਦਰਿਆ ਦੱਸਣਗੇ|
ਮੋਟਾਈ ਸ਼ੀਸ਼ਿਆਂ ਦੀ ਵੇਖਕੇ ਪੱਥਰ ਚਲਾਇਆ ਕਰ,
ਜਰੂਰੀ ਤਾਂ ਨਹੀਂ ਹਰ ਵਾਰ ਹੀ ਸ਼ੀਸ਼ੇ ਹੀ ਟੁੱਟਣਗੇ|
No comments:
Post a Comment