ਸਿਰਾਂ ਤੋਂ ਭਾਰ ਲਹਿ ਜਾਵੇ ਜਾਂ ਤੁਰਨਾ ਮੁਲਤਵੀ ਹੋਵੇ|
ਸਫ਼ਰ ਦਾ ਫੈਸਲਾ ਇਸ ਹਾਲ ਵਿਚ ਨਾ ਖੁ਼ਦਕਸ਼ੀ ਹੋਵੇ|
ਮੈਂ ਇਸ ਦੀ ਡਾਲ ਤੋਂ ਸ਼ਾਇਦ ਕਦੀ ਚਿੜੀਆਂ ਉਡਾਈਆਂ ਸਨ,
ਮੇਰੇ ਵਿਹੜੇ ਦੀ ਨਿੰਮ ਨਾ ਇਸ ਲਈ ਹੀ ਸੁਕ ਗਈ ਹੋਵੇ|
ਖਿ਼ਲਾਫ਼ਤ ਵੀ ਕਰੀ ਜਾਂਦੇ ਨੇ ਉਂਝ ਤਾਂ ਲੋਕ ਸੂਰਜ ਦੀ,
ਮਗਰ ਚਿੰਤਨ ਵੀ ਹੈ ਐਨਾ ਕਿ ਮੱਸਿਆ ਚਾਨਣੀ ਹੋਵੇ|
ਨਜ਼ਰ ਉਸਦੀ 'ਚ ਹਾਂ ਬੇਸ਼ਕ ਅਸੀਂ ਸਭ ਤਾਸ਼ ਦੇ ਜੋਕਰ,
ਪਰ ਉਸਨੂੰ ਹੇਜ਼ ਵੀ ਆਉਂਦੈ ਜੇ ਬਾਜ਼ੀ ਜਿੱਤਣੀ ਹੋਵੇ|
ਬਚਾ ਪਾਏ ਨਹੀਂ ਭਾਵੇਂ ਪਰਿੰਦੇ ਆਲ੍ਹਣੇ ਅਪਣੇ,
ਦੁਆ ਕਰਦੇ ਨੇ ਤੇਰੇ ਸ਼ਹਿਰ ਵਿਚ ਨਾ ਅਗਜ਼ਨੀ ਹੋਵੇ|
ਚਲੋ ਇਸ ਆਸ ਉੱਤੇ ਹੀ ਸਫ਼ਰ ਅਜ ਤੋਂ ਸ਼ੁਰੂ ਕਰੀਏ,
ਕਦੀ ਮੁਮਕਿਨ ਵੀ ਹੋਵੇਗਾ ਘਰਾਂ ਨੂੰ ਵਾਪਸੀ ਹੋਵੇ|
ਕਿਸੇ ਵੀ ਹਾਲ ਵਿਚ ਵਿਕਣਾ ਮੈਂ ਜਦ ਮੰਨਜ਼ੂਰ ਨਾ ਕੀਤਾ,
ਕਿਹਾ ਬਾਜ਼ਾਰ ਨੇ ਖਿਝਕੇ,ਨਾ ਇਸ ਵਿਚ ਹੀ ਕਮੀ ਹੋਵੇ|
ਮੈਂ ਪਿਆਸਾ ਸੀ,ਮਗਰ ਇਹ ਸੋਚਕੇ ਛੋਹਿਆ ਨਹੀਂ ਉਸਨੂੰ,
ਪਹਾੜਾਂ ਦਾ ਸਫ਼ਰ ਕਰਕੇ ਨਾ ਇਹ ਥੱਕੀ ਨਦੀ ਹੋਵੇ|
ਕੀ ਹੈ ਜੇ ਵਿਹੜਿਆਂ 'ਤੇ ਕਮਰਿਆਂ ਤਕ ਰੌਸ਼ਨੀ ਪਹੁੰਚੀ,
ਜਰੂਰੀ ਹੈ ਹਨੇਰੇ ਮਨ 'ਚ ਵੀ ਕੁਝ ਰੌਸ਼ਨੀ ਹੋਵੇ|
No comments:
Post a Comment