Saturday, April 7, 2012

(ਗ਼ਜ਼ਲ-28) ਉੱਡ ਕੇ ਫੁੱਲਾਂ 'ਤੋਂ ਜਦ ਸੜਕਾਂ 'ਤੇ ਆਈਆਂ ਤਿਤਲੀਆਂ

ਉੱਡ ਕੇ ਫੁੱਲਾਂ 'ਤੋਂ ਜਦ ਸੜਕਾਂ 'ਤੇ ਆਈਆਂ ਤਿਤਲੀਆਂ|
ਪਰ ਤੁੜਾ ਕੇ,ਜ਼ਖ਼ਮ ਖਾ ਕੇ ਫੜਫੜਾਈਆਂ ਤਿਤਲੀਆਂ|

ਜਦ ਸਵੇਰੇ ਉੱਡੀਆਂ ਸਨ ਖ਼ਾਬ ਸਨ ਦਿਲ ਵਿਚ ਬੜੇ,
ਪਰ ਘਰਾਂ ਨੂੰ ਪਰਤ ਕੇ ਆਈਆਂ ਸਤਾਈਆਂ ਤਿਤਲੀਆਂ|

ਚਾਹੁੰਦੀਆਂ ਨੇ ਵਿਹੜਿਆਂ ਵਿਚ ਇਹ ਖਿੜਨ ਸੂਹੇ ਸੁਮਨ,
ਪਾਪ ਖੱਟੇਂਗਾ ਜੇ ਫੁੱਲਾਂ 'ਤੋਂ ਉਡਾਈਆਂ ਤਿਤਲੀਆਂ|

ਤਿਤਲੀਆਂ ਦੀ ਫਿਰ ਕਿਤੇ ਸੰਗਤ ਨਜ਼ਰ ਆਉਣੀ ਨਹੀਂ,
ਜੇ ਹੁਣੇ ਕੁੱਖਾਂ ਚੋਂ ਨਾ ਮਰਨੋਂ ਬਚਾਈਆਂ ਤਿਤਲੀਆਂ|

ਪੁੱਟ ਕੇ ਸਤਬਰਗ,ਗੈਂਦੇ ਬੀਜ ਲਏ ਕੈਕਟਸ ਅਸੀਂ,
ਦੋਸ਼ ਕਿਸਦੈ,ਹੁਣ ਨਾ ਜੇ ਵਿਹੜੇ 'ਚ ਆਈਆਂ ਤਿਤਲੀਆਂ|

ਘੇਰ ਇਕ ਜਾਨ ਕੱਲੀ ਨੂੰ ਮਸਲ ਦਿੱਤਾ ਗਿਆ,
ਅੱਜ ਫਿਰ ਅਖ਼ਬਾਰ ਦੀ ਸੁਰਖ਼ੀ ਬਣਾਈਆਂ ਤਿਤੀਆਂ|

ਸਖ਼ਤ ਹੱਥਾਂ ਨਾਲ ਸਾਰੇ ਲੋਚਦੇ ਨੇ ਮਸਲਣਾ,
ਮਾਲਕਾ,ਕਿਉਂ ਐਨੀਆਂ ਨਾਜ਼ੁਕ ਬਣਾਈਆਂ ਤਿਤਲੀਆਂ|

ਮਾਪਿਆਂ ਦੇ ਘਰ 'ਚ ਕੁਝ-ਕੁਝ ਜਸ਼ਨ ਆਜ਼ਾਦੀ ਦਾ ਸੀ,
ਸਹੁਰਿਆਂ ਨੇ ਘਰ ਮਗਰ ਪਿੰਜਰੇ 'ਚ ਪਾਈਆਂ ਤਿਤਲੀਆਂ|

No comments:

Post a Comment