Thursday, April 5, 2012

(ਗ਼ਜ਼ਲ-33) ਨਾ ਸੂਰਜ ਤਾਈਂ ਦੇਵੋ ਦੋਸ਼ ਛੇਤੀ ਅਸਤਣੇ ਦਾ

ਨਾ ਸੂਰਜ ਤਾਈਂ ਦੇਵੋ ਦੋਸ਼ ਛੇਤੀ ਅਸਤਣੇ ਦਾ,
ਸਫ਼ਰ ਭਟਕਣ ਦਾ ਵੀ ਮੰਨਿਆ ਲੰਮੇਰਾ ਹੋ ਗਿਆ ਹੈ|
ਅਨੇਕਾਂ ਦੀਵੇ ਤੇ ਜੁਗਨੂੰ ਮਿਲਣਗੇ ਰਸਤਿਆਂ ਵਿਚ,
ਘਰੀਂ ਪਰਤਣ ਦੀ ਨਾ ਸੋਚੋ ਜੇ ਨੇਰਾ ਹੋ ਗਿਆ ਹੈ|

ਕਰੋ ਆਵਾਜ਼ ਦੀ ਪਹਿਚਾਣ ਕਿੱਥੋਂ ਆ ਰਹੀ ਹੈ,
ਉਹ ਕਿਹੜਾ ਰਾਜ਼ ਹੈ,ਮੁੜ-ਮੁੜਕੇ ਜੋ ਸਮਝਾ ਰਹੀ ਹੈ,
ਨਾ ਸਮਝੋ ਸ਼ੋਰ ਇਸਨੂੰ,ਨਾ ਕਹੋ ਕੰਨ ਖਾ ਰਹੀ ਹੈ,
ਕਿ ਰਾਹ ਤੋਂ ਭਟਕਿਆਂ ਨੂੰ ਚਿਰ ਬਥੇਰਾ ਹੋ ਗਿਆ ਹੈ|

ਚੁਰਾ ਕੇ ਲੈ ਗਏ ਰਾਹਾਂ 'ਚੋਂ ਰਹਿਬਰ ਮੀਲ-ਪੱਥਰ,
ਬਚੇ ਨੇ ਬਿਰਖ਼ ਵੀ ਹੁਣ ਰਸਤਿਆਂ 'ਤੇ ਨਾਮ-ਮਾਤਰ,
ਹਵਾ ਨੇ ਵੀ ਮਿਟਾ ਦਿੱਤੇ ਨੇ ਸਭ ਪੈੜਾਂ ਦੇ ਚਿੱਤਰ,
ਤੁਰੇ ਜਾਂਦੇ ਮੁਸਾਫ਼ਿਰ ਫਿਰ ਵੀ ਜੇਰਾ ਹੋ ਗਿਆ ਹੈ|

ਦਿਲਾਂ ਵਿਚ ਪੱਥਰਾਂ ਦੇ ਘੱਟ ਇਹਨਾਂ ਲਈ ਵੈਰ ਹੋਵੇ,
ਨਗਰ ਦੇ ਸਾਰਿਆਂ ਹੀ ਸ਼ੀਸ਼ਿਆਂ ਦੀ ਖ਼ੈਰ ਹੋਵੇ,
ਕਿਸੇ ਦਾ ਵੀ ਨਾ ਸੂਲਾਂ ਤਿੱਖੀਆਂ 'ਤੇ ਪੈਰ ਹੋਵੇ,
ਸਫ਼ਰ ਦੁੱਖਾਂ ਦਾ ਪਹਿਲਾਂ ਹੀ ਬਥੇਰਾ ਹੋ ਗਿਆ ਹੈ|

"ਮੈਂ ਐਨੇ ਹਾਦਸੇ ਦਿੱਤੇ"ਤੂੰ ਇਹ ਜਤਲਾ ਰਿਹਾ ਏਂ,
ਤੂੰ ਅਪਣੀ ਹੋਂਦ ਦਾ ਮੁੜ-ਮੁੜ ਕੇ ਰੌਲਾ ਪਾ ਰਿਹਾ ਏਂ,
ਮਗਰ ਐ ਨੇਰ ਤੂੰ ਇਕ ਗੱਲ ਭੁਲਦਾ ਜਾ ਰਿਹਾ ਏਂ,
ਤੂੰ ਮੁੜਕੇ ਵੇਖ ਪਿੱਛੇ ਮੁੜ ਸਵੇਰਾ ਹੋ ਗਿਆ ਹੈ|

ਕਿਸੇ ਤੂਫ਼ਾਨ ਤੋਂ ਪਹਿਲਾਂ ਦੀ ਹੈ ਇਹ ਚੁੱਪ ਲੋਕੋ,
ਨਹੀਂ ਠਹਿਰੇਗੀ ਬਹੁਤਾ ਚਿਰ ਸਿਖ਼ਰ ਦੀ ਧੁੱਪ ਲੋਕੋ,
ਬਦਲ ਜਾਵੇਗਾ ਚਿੱਟੇ ਦਿਨ 'ਚ ਨੇਰਾ ਘੁੱਪ ਲੋਕੋ,
ਸ਼ੁਰੂ ਕਿਰਨਾਂ ਦਾ ਥਾਂ-ਥਾਂ ਪੈਣਾ ਫੇਰਾ ਹੋ ਗਿਆ ਹੈ|

No comments:

Post a Comment