Wednesday, April 4, 2012

(ਗ਼ਜ਼ਲ-35) ਨਾ ਰੱਖੋ ਮਰਤਬਾਨਾਂ ਵਿਚ ਨਦੀ 'ਚੋਂ ਮੱਛੀਆਂ ਲੈ ਕੇ

ਨਾ ਰੱਖੋ ਮਰਤਬਾਨਾਂ ਵਿਚ ਨਦੀ 'ਚੋਂ ਮੱਛੀਆਂ ਲੈ ਕੇ|
ਇਹਨਾਂ ਦਮ ਤੋੜ ਦੇਣੈ ਸਿਸਕੀਆਂ ਦਰ ਸਿਸਕੀਆਂ ਲੈ ਕੇ|

ਬਹਾਰਾਂ ਲੁਪਤ ਹੋਈਆਂ ਦੀ ਉਹਨਾਂ ਨੂੰ ਕੀ ਖ਼ਬਰ ਕੋਈ,
ਖਿ਼ਜ਼ਾਂ ਵਿਚ ਵੀ ਨਿਕਲਦੇ ਨੇ ਉਹ ਅੰਗ-ਸੰਗ ਤਿਤਲੀਆਂ ਲੈ ਕੇ|

ਹਜ਼ਾਰਾਂ ਸਾਲਾਂ ਮਗਰੋਂ ਵੀ ਅਸੀਂ ਤਹਿਜ਼ੀਬ ਨਾ ਸਿੱਖੀ,
ਘਰੋਂ ਨਾ ਬਾਪ ਨਿਕਲਣ ਨਾਲ ਹੁਣ ਵੀ ਬੇਟੀਆਂ ਲੈ ਕੇ|

ਉਹਨਾਂ ਤੋਂ ਰੌਸ਼ਨੀ ਖ਼ਾਤਿਰ ਅਸੀਂ ਤਾਂ ਅੱਗ ਮੰਗੀ ਸੀ,
ਉਹ ਦੌੜੇ ਆ ਰਹੇ ਨੇ ਬਸਤੀਆਂ ਵੱਲ ਬਿਜਲੀਆਂ ਲੈ ਕੇ|

ਉਹ ਫੁੱਲਾਂ ਦੀ ਤਰਾਂ ਰਖਦੇ ਨੇ ਅਪਣੇ ਬੱਚਿਆਂ ਨੂੰ ਪਰ,
ਮਸਲ ਦਿੰਦੇ ਨੇ ਹੱਥਾਂ ਵਿੱਚ ਨਾਜ਼ੁਕ ਪੱਤੀਆਂ ਲੈ ਕੇ|

ਜਦੋਂ ਪਰਵਾਜ਼ ਤੋਂ ਪਰਤੇ ਉਹਨਾਂ ਦੇ ਖੰਭ ਗਾਇਬ ਸਨ,
ਝੁਲਸਦੀ ਸ਼ਾਖ ਤੋਂ ਉੱਡੇ ਸੀ ਪੰਛੀ ਤਲਖ਼ੀਆਂ ਲੈ ਕੇ|

ਇਹ ਤਾਰੂ ਪਾਣੀਆਂ ਦੇ ਨੇ ਕਿਸੇ ਦਿਨ ਖਾਣਗੇ ਧੋਖਾ,
ਬਰੇਤੀ ਵਿਚ ਉਤਰ ਜਾਂਦੇ ਨੇ ਸਿਰ 'ਤੇ ਕਿਸ਼ਤੀਆਂ ਲੈ ਕੇ|

ਮਸੀਹਾ ਬਣਨ ਦਾ ਮੌਕਾ ਮੁਸਾਫ਼ਿਰ ਨਾ ਗੁਆ ਬੈਠੀਂ,
ਸਮਾਂ ਹਰ ਪਲ ਕਰੇ ਪਿੱਛਾ ਸਲੀਬਾਂ-ਸੂਲੀਆਂ ਲੈ ਕੇ|

ਘਟਾ ਆਖੇ,ਹਵਾ ਦੀ ਚਾਲ 'ਤੇ ਕਿਉਂ ਸ਼ੱਕ ਕਰਦੇ ਹੋ,
ਸਮੁੰਦਰ ਵੱਲ ਚਲੀ ਜਾਵੇ ਜੋ ਅਕਸਰ ਬਦਲੀਆਂ ਲੈ ਕੇ|

No comments:

Post a Comment