ਬੰਸਰੀ ਦੀ ਹੂਕ ਤੋਂ ਜੰਗਲ ਡਰੇ|
ਦਰਦ ਪੌਣਾਂ ਤੋਂ ਵੀ ਜਾਂਦੇ ਨਾ ਜਰੇ|
ਇਕ ਬਿਰਹਨ ਦੀ ਉਦਾਸੀ ਸ਼ਾਮ ਨੂੰ,
ਮਾਰਦੀ 'ਵਾਜ਼ਾਂ ਕਿਸੇ ਨੂੰ ਮੁੜ ਘਰੇ|'
ਬੱਤੀਆਂ ਦਾ ਜਿਸਮ ਸੜਨਾ ਲਾਜ਼ਮੀ,
ਦੀਵਿਆਂ ਵਿਚ ਤੇਲ ਨਾ ਚਿਰ ਤੋਂ ਭਰੇ|
ਮਿਲ ਗਈ ਆਖ਼ਿਰ ਹਵਾ ਦੇ ਵਿਚ ਹਵਾ,
ਜਿਸਮ ਦਾ ਕੀ ਹੈ ਇਹ ਡੁੱਬੇ ਜਾਂ ਤਰੇ|
ਇਕ ਸਮੁੰਦਰ ਖ਼ੁਦ ਤਾਂ ਪਿਆਸਾ ਹੈ ਮਗਰ,
ਰੇਤ ਦੀ ਨੀਅਤ ਦੀਆਂ ਗੱਲਾਂ ਕਰੇ|
ਹਾਦਸੇ ਜੋ ਰਾਹ 'ਚ ਛੱਡ ਆਇਆ ਸਾਂ ਮੈਂ,
ਆ ਗਏ ਮੇਰੇ ਤੋਂ ਵੀ ਪਹਿਲਾਂ ਘਰੇ|
ਹੋਇਆ ਨਾ ਦੀਦਾਰ ਉਸਦਾ ਉਮਰ ਭਰ,
ਨੈਣਾਂ ਵਿਚ ਇਕ ਨਕਸ਼ ਮੁੱਦਤ ਤੋਂ ਤਰੇ|
ਇਕ ਸੁੱਕੇ ਰੁਖ ਦੇ ਡਿੱਗਣ ਸਾਰ ਹੀ,
ਝੜ ਗਏ ਕਈ ਪੌਦਿਆਂ ਦੇ ਪਤ ਹਰੇ|
No comments:
Post a Comment