Tuesday, April 17, 2012

(ਗ਼ਜ਼ਲ-17) ਦੀਵਿਆਂ ਨੂੰ ਵਰਗਲਾ ਕੇ ਲੈ ਗਏ

ਦੀਵਿਆਂ ਨੂੰ ਵਰਗਲਾ ਕੇ ਲੈ ਗਏ|
ਰੌਸ਼ਨੀ ਨੇਰੇ ਚੁਰਾ ਕੇ ਲੈ ਗਏ|

ਪਿੰਜਰੇ ਦੇ ਕੇ ਛਲਾਵਾ ਚੋਗ ਦਾ,
ਬਿਰਖ਼ 'ਤੋਂ ਪੰਛੀ ਉਡਾ ਕੇ ਲੈ ਗਏ|

ਚਾਰ ਬੂੰਦਾਂ ਸੀ ਉਨਾਂ ਦੀ ਪਿਆਸ ਪਰ,
ਫਿਰ ਵੀ ਉਹ ਸਾਗਰ ਚੁਰਾ ਕੇ ਲੈ ਗਏ|

ਸਾਜ਼ਿਸ਼ਾਂ ਵਿਚ ਜੀ ਰਹੀ ਹੈ ਜ਼ਿੰਦਗੀ,
ਹਾਦਸੇ ਹਾਸੇ ਚੁਰਾ ਕੇ ਲੈ ਗਏ|

ਨਾ ਮਸੀਹਾ ਪਹੁੰਚਿਆ ਮਕਤਲ 'ਚ ਲੋਕ
ਸੂਲੀਆਂ ਬਾਲਣ ਬਣਾ ਕੇ ਲੈ ਗਏ|

ਹੋ ਗਏ ਅੰਜ਼ਾਮ ਤੋਂ ਵਾਕਿਫ਼ ਸੀ ਲੋਕ,
ਸੁਕਦੀਆਂ ਫ਼ਸਲਾਂ ਕਟਾ ਕੇ ਲੈ ਗਏ|

ਰਹਿ ਗਏ ਲੱਕੜ ਦੇ ਬਕਸੇ ਕੋਲ,ਉਹ
ਸਾਜ਼ 'ਚੋਂ ਤਰਜ਼ਾਂ ਚੁਰਾ ਕੇ ਲੈ ਗਏ|

ਲੋਕ ਤਪਦੀ ਰੇਤ ਠਾਰਨ ਦੇ ਲਈ,
ਝੀਲ ਦੇ ਨਕਸ਼ੇ ਬਣਾ ਕੇ ਲੈ ਗਏ|

ਕਾਗਜ਼ੀ ਫੁੱਲਾਂ 'ਤੇ ਲਾ-ਲਾ ਕੇ ਇਤਰ,
ਉਹ ਤਿਤਲੀਆਂ ਵਰਗਲਾ ਕੇ ਲੈ ਗਏ|

No comments:

Post a Comment